Lawrence ਦੇ ਭਾਣਜੇ ਦਾ ਖੁਲਾਸਾ, ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸਾਨੂੰ ਆਇਆ ਫੋਨ – ਵਿਦੇਸ਼ ਭੱਜ ਜਾਓ ਇੱਥੇ ਵੱਡਾ ਕਾਂਡ ਹੋਣ ਵਾਲਾ 

Share on Social Media

Lawrence Bishnoi – ਅਜ਼ਰਬਾਈਜਾਨ ਤੋਂ ਗ੍ਰਿਫ਼ਤਾਰ ਕੀਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਲਗਾਤਾਰ ਵੱਡੇ ਖੁਲਾਸੇ ਕਰ ਰਿਹਾ ਹੈ। ਸਚਿਨ ਥਾਪਨ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਾਨੂੰ ਫੋਨ ਕਰਕੇ ਕਿਹਾ ਸੀ ਕਿ ਇੱਥੇ ਕੁੱਝ ਵੱਡਾ ਕਾਂਡ ਹੋਣ ਵਾਲਾ ਹੈ। ਇਸੇ ਕਰਕੇ ਤੁਸੀਂ ਯਾਨੀ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ (ਲਾਰੈਂਸ ਦਾ ਭਰਾ) ਵਿਦੇਸ਼ ਫਰਾਰ ਹੋ ਜਾਓ। 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਫਸੇ ਗੈਂਗਸਟਰ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਹੁਣ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੂੰ ਦੱਸਿਆ ਕਿ ਇਹ ਸਾਰੀ ਯੋਜਨਾ ਤਿਹਾੜ ਜੇਲ੍ਹ ਤੋਂ ਸ਼ੁਰੂ ਹੋਈ ਸੀ। ਇਸ ਪਲਾਨਿੰਗ ‘ਚ ਲਾਰੈਂਸ ਨੇ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੂੰ ਸ਼ਾਮਲ ਕੀਤਾ ਸੀ। ਇਸੇ ਕਰਕੇ ਅਨਮੋਲ ਅਤੇ ਸਚਿਨ ਨੂੰ ਪੁਲਿਸ ਤੋਂ ਬਚਾਉਣ ਲਈ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਗਿਆ ਸੀ।

ਸਚਿਨ ਨੇ ਦੱਸਿਆ ਕਿ ਲਾਰੈਂਸ ਨੇ ਉਸ ਨੂੰ ਫੋਨ ਕਰਕੇ ਅਨਮੋਲ ਅਤੇ ਗੋਲਡੀ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਸ ਨੂੰ ਵਿਦੇਸ਼ ਜਾਣ ਦਾ ਹੁਕਮ ਦਿੱਤਾ ਗਿਆ, ਅਤੇ ਕਿਹਾ ਸੀ ਕਿ ਇੱਥੇ ਵੱਡਾ ਕਾਂਡ ਹੋਣ ਵਾਲਾ ਹੈ। ਇਹ ਆਰਡਰ ਮਿਲਣ ਤੋਂ ਬਾਅਦ ਉਸ ਦਾ ਫਰਜ਼ੀ ਪਾਸਪੋਰਟ ਬਣਾ ਕੇ ਉਸ ਨੂੰ ਦੁਬਈ ਭੇਜ ਦਿੱਤਾ ਗਿਆ। ਜਿੱਥੇ ਉਹ ਗੈਂਗਸਟਰ ਵਿਕਰਮ ਬਰਾੜ ਦੇ ਸੰਪਰਕ ਵਿੱਚ ਆਇਆ। 

ਦੁਬਈ ਜਾਣ ਤੋਂ ਬਾਅਦ ਸਚਿਨ ਥਾਪਨ ਵਿਕਰਮ ਬਰਾੜ ਤੋਂ ਕਰੀਬ ਦੋ ਹਫ਼ਤਾ ਰੁਕਿਆ ਸੀ ਅਤੇ ਫਿਰ ਅੱਗੇ ਅਜ਼ਰਬਾਈਜਾਨ ਚਲਾ ਗਿਆ ਸੀ। ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹੋਇਆ ਸੀ, ਜਦਕਿ ਸਚਿਨ ਥਾਪਨ 21 ਅਪ੍ਰੈਲ 2022 ਨੂੰ ਹੀ ਵਿਦੇਸ਼ ਫਰਾਰ ਹੋ ਗਿਆ ਸੀ। ਸਚਿਨ ਥਾਪਨ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਆਪਣਾ ਪਾਸਪੋਰਟ ਬਣਾਇਆ ਸੀ। 

ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਚਿਨ ਬਿਸ਼ਨੋਈ ਤੋਂ ਹਾਲੇ ਤਕ ਦੀ ਪੁੱਛਗਿੱਛ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਗੈਂਗਸਟਰ ਵਿਕਰਮ ਬਰਾੜ ਦੇ ਨਾਲ ਰਹਿ ਰਿਹਾ ਸੀ। ਵਿਕਰਮ ਬਰਾੜ ਨੂੰ ਦਿੱਲੀ ਪੁਲਿਸ ਪਿਛਲੇ ਹਫਤੇ ਹੀ ਯੂਏਈ ਤੋਂ ਲਿਆਈ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਇਹ ਯਤਨ ਕੀਤਾ ਜਾਵੇਗਾ ਕਿ ਦੋਵਾਂ ਮੁਲਜ਼ਮਾਂ ਨੂੰ ਇਕੱਠਿਆਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਜਾਵੇ।ਦੋਵਾਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ।