ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਭੇਜੇ ਸੰਮਨ

Share on Social Media

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਮੇਡੀਅਨ ਕਪਿਲ ਸ਼ਰਮਾ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਹਿਨਾ ਖ਼ਾਨ ਨੂੰ ਸੰਮਨ ਭੇਜ ਕੇ ‘ਮਹਾਦੇਵ ਸੱਟੇਬਾਜ਼ੀ ਐਪ’ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਵੱਖ-ਵੱਖ ਤਰੀਕਾਂ ‘ਤੇ ਪੁੱਛਗਿੱਛ ਲਈ ਹਾਜ਼ਰ ਹੋਣ ਲਈ ਕਿਹਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਪਹਿਲਾਂ ਹੀ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਇਸ ਮਾਮਲੇ ‘ਚ ਸੰਮਨ ਭੇਜੇ ਹਨ ਅਤੇ ਉਨ੍ਹਾਂ ਨੂੰ 6 ਅਕਤੂਬਰ ਨੂੰ ਰਾਏਪੁਰ ਖੇਤਰੀ ਦਫਤਰ ‘ਚ ਪੁੱਛਗਿੱਛ ਲਈ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕਪੂਰ ਨੇ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ‘ਚ ਤਿੰਨਾਂ ਕਲਾਕਾਰਾਂ ਨੂੰ ਸੰਮਨ ਭੇਜ ਕੇ ਵੱਖ-ਵੱਖ ਤਰੀਕਾਂ ‘ਤੇ ਏਜੰਸੀ ਦੇ ਰਾਏਪੁਰ ਦਫ਼ਤਰ ‘ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਏਜੰਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਉਨ੍ਹਾਂ ਦੇ ਬਿਆਨ ਦਰਜ ਕਰੇਗੀ ਅਤੇ ਐਪ ਦੇ ਪ੍ਰਮੋਟਰਾਂ ਦੁਆਰਾ ਕਥਿਤ ਤੌਰ ‘ਤੇ ਕੀਤੇ ਗਏ ਫੰਡਾਂ ਦੇ ਭੁਗਤਾਨ ਅਤੇ ਪ੍ਰਾਪਤੀ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ। 

ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕਲਾਕਾਰਾਂ ਨੂੰ ਕੇਸ ਵਿੱਚ ਮੁਲਜ਼ਮ ਨਹੀਂ ਬਣਾਇਆ ਜਾਵੇਗਾ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਕਲਾਕਾਰਾਂ ਨੇ ਮਹਾਦੇਵ ਐਪ ਦਾ ਪ੍ਰਚਾਰ ਕੀਤਾ ਸੀ ਅਤੇ ਕੁਝ ਨੇ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਦੇ ਵਿਦੇਸ਼ੀ ਵਿਆਹ ਵਿੱਚ ਮਹਿਮਾਨਾਂ ਦਾ ਮਨੋਰੰਜਨ ਕੀਤਾ ਸੀ।