ਹੜ੍ਹ ਪੀੜਤਾਂ ‘ਤੇ ਦੋਹਰੀ ਮਾਰ, ਦੁਕਾਨਦਾਰਾਂ ਨੇ ਦੁੱਗਣੇ-ਤਿੱਗਣੇ ਵਧਾਏ ਸਬਜ਼ੀਆਂ ਦੇ ਭਾਅ

Share on Social Media

ਰੂਪਨਗਰ ਸ਼ਹਿਰ ’ਚ ਇਕ ਪਾਸੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਦੂਜੇ ਪਾਸੇ ਸ਼ਹਿਰ ਦੇ ਕੁਝ ਸਬਜ਼ੀ ਵਿਕਰੇਤਾ ਦੁੱਗਣੇ-ਤਿੱਗਣੇ ਰੇਟਾਂ ’ਤੇ ਲੋਕਾਂ ਨੂੰ ਸਬਜ਼ੀਆਂ ਵੇਚ ਰਹੇ ਹਨ। ਮੰਡੀ ’ਚ ਲਾਲ ਟਮਾਟਰ ਦਾ ਥੋਕ ਰੇਟ 120 ਰੁ. ਪ੍ਰਤੀ ਕਿਲੋ ਹੈ ਪਰ ਇਹ ਦੁਕਾਨਦਾਰ 280 ਰੁਪਏ ਤੋਂ ਵੱਧ ਕੀਮਤ ਵਸੂਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅਜਿਹੇ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ ਕਿ ਕਾਲਾ ਬਾਜ਼ਾਰੀ ਕਰਨ ਵਾਲੇ ਦੁਕਾਨਦਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੂਪਨਗਰ ਖੇਤਰ ’ਚ ਲੋਕ ਹਾਲੇ ਹੜ੍ਹਾਂ ਦੀ ਮਾਰ ਤੋਂ ਉੱਭਰੇ ਨਹੀਂ ਕਿ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਬਲੈਕ ’ਚ ਖ਼ਰੀਦਣੀਆਂ ਪੈ ਰਹੀਆਂ ਹਨ ਜਿਸ ’ਤੇ ਸਰਕਾਰ ਦੀ ਕੋਈ ਰੋਕ ਨਹੀਂ ਹੈ।

ਥੋਕ ਮੰਡੀ ’ਚ ਹਰੀ ਮਿਰਚ ਦਾ ਰੇਟ 40-50 ਰੁ. ਪ੍ਰਤੀ ਕਿੱਲੋ ਹੈ ਪਰ ਸਬਜ਼ੀ ਵਿਕਰੇਤਾ ਹਰੀ ਮਿਰਚ 100-120 ਰੁ. ਪ੍ਰਤੀ ਕਿੱਲੋ ਵੇਚ ਰਹੇ ਹਨ। ਸ਼ਹਿਰ ’ਚ ਕਿਤਾਬਾਂ ਵਾਲੇ ਬਾਜ਼ਾਰ ਦੇ ਥੱਲੇ, ਮੁੱਖ ਬਾਜ਼ਾਰ, ਛੋਟੀ ਮੰਡੀ ਰੂਪਨਗਰ ’ਚ ਕੁਝ ਦੁਕਾਨਦਾਰ ਆਪਣੀ ਮਨ ਮਰਜ਼ੀ ਦੇ ਰੇਟ ਗਾਹਕਾਂ ਪਾਸੋਂ ਲੈ ਰਹੇ ਹਨ ਜਿਸ ਕਾਰਨ ਸਬਜ਼ੀ ਖ਼ਰੀਦਦਾਰਾਂ ’ਚ ਹਾਹਾਕਾਰ ਮਚੀ ਹੋਈ ਹੈ ਕਿ ਐਨੇ ਵੱਧ ਰੇਟ ਕਦੇ ਵੀ ਨਹੀਂ ਹੋਏ। ਇਕ ਗਾਹਕ ਨੇ ਦੱਸਿਆ ਕਿ ਉਹ ਕੱਲ 400 ਰੁਪਏ ਕਿੱਲੋ ਲਾਲ ਟਮਾਟਰ ਖ਼ਰੀਦਣ ਲਈ ਮਜਬੂਰ ਹੋਇਆ ਹੈ ਕਿਉਂਕਿ ਟਮਾਟਰ ਹਰ ਸਬਜ਼ੀ ਲਈ ਲੋੜੀਂਦਾ ਹੈ।

ਹੋਲ ਸੇਲ ਸਬਜ਼ੀ ਮੰਡੀ ਦੇ ਰੇਟ                          ਦੁਕਾਨਦਾਰਾਂ ਦਾ ਰੇਟ
1. ਘੀਆ 20-22 ਰੁ. ਪ੍ਰਤੀ ਕਿੱਲੋ.                         50 ਰੁ. ਪ੍ਰਤੀ ਕਿੱਲੋ
2. ਆਰਗੈਨਕਿ ਘੀਆ 35-40                            80 ਰੁ. ਪ੍ਰਤੀ ਕਿੱਲੋ
3. ਸ਼ਿਮਲਾ ਮਿਰਚ 45-60 ਰੁ.                             100 ਰੁ. ਪ੍ਰਤੀ ਕਿੱਲੋ
4. ਕਰੇਲਾ 20-30-                                          80 ਰੁ. ਪ੍ਰਤੀ ਕਿੱਲੋ
5. ਭਿੰਡੀ 40                                                   80-90 ਰੁ. ਪ੍ਰਤੀ ਕਿੱਲੋ
6. ਹਰਾ ਕੱਦੂ 18-20                                         50 ਰੁ. ਪ੍ਰਤੀ ਕਿੱਲੋ
7. ਕੱਦੂ ਪੀਲਾ 8 ਰੁ. ਪ੍ਰਤੀ ਕਿੱਲੋ                             30 ਰੁ. ਪ੍ਰਤੀ ਕਿੱਲੋ
8. ਟਮਾਟਰ 120 ਰੁ.                                         280 ਰੁ. ਪ੍ਰਤੀ ਕਿੱਲੋ
9. ਹਰੀ ਮਿਰਚ 40-50                                    120 ਰੁ. ਪ੍ਰਤੀ ਕਿੱਲੋ