ਹਿੰਸਾ ਪ੍ਰਭਾਵਿਤ ਨੂਹ ’ਚ ਹੁਣ 2.6 ਏਕੜ ਜ਼ਮੀਨ ’ਤੇ ਬਣੀਆਂ ਨਾਜਾਇਜ਼ ਉਸਾਰੀਆਂ ’ਤੇ ਚਲਿਆ ਬੁਲਡੋਜ਼ਰ

Share on Social Media

ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਮੁਹਿੰਮ ਸ਼ਨੀਵਾਰ ਤੀਜੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਰਾਜ ਦੇ ਨਲਹੜ ਮੈਡੀਕਲ ਕਾਲਜ ਦੇ ਆਲੇ-ਦੁਆਲੇ 2.6 ਏਕੜ ਜ਼ਮੀਨ ‘ਤੇ ਬਣੀਆਂ ਨਾਜਾਇਜ਼ ਉਸਾਰੀ ’ਤੇ ਬੁਲਡੋਜ਼ਰ ਚਲਾ ਦਿੱਤਾ। ਪੁਲਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਲਗਭਗ 15 ਆਰਜ਼ੀ ਢਾਂਚੇ ਵੀ ਢਾਹ ਦਿੱਤੇ ਗਏ। ਡਿਵੀਜਨਲ ਮੈਜਿਸਟਰੇਟ ਅਸ਼ਵਨੀ ਕੁਮਾਰ ਨੇ ਕਿਹਾ ਇਹ ਗੈਰ-ਕਾਨੂੰਨੀ ਉਸਾਰੀਆਂ ਸਨ। ਢਾਹੀਆਂ ਗਈਆਂ ਇਮਾਰਤਾਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸਨ।

ਬ੍ਰਿਜ ਮੰਡਲ ਤੀਰਥ ਯਾਤਰਾ ਦੌਰਾਨ ਹੋਈ ਹਿੰਸਾ ’ਚ ਕੁਝ ਗੈਰ-ਕਾਨੂੰਨੀ ਢਾਂਚਿਆਂ ਦੇ ਮਾਲਕ ਵੀ ਸ਼ਾਮਲ ਸਨ। ਮੁਹਿੰਮ ਜਾਰੀ ਰਹੇਗੀ। ਪੁਲਸ ਮੁਤਾਬਕ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 56 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 145 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ 10 ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।