ਪੰਜਾਬ ਦੇ ਕਈ ਇਲਾਕਿਆਂ ਵਿਚ ਬਣੇ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਾਹਤ ਦੇਣ ਵਾਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਪੰਜਾਬ ਦੀ ਪਾਣੀ ਦੀ ਸਥਿਤੀ ਦੀ ਹਰ ਪਲ ਦੀ ਰਿਪੋਰਟ ਦੇ ਆਧਾਰ ’ਤੇ ਪ੍ਰਸ਼ਾਸਨ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ, ਜ਼ਿਆਦਾ ਪ੍ਰਭਾਵਿਤ ਇਲਾਕਿਆਂ ’ਚ ਹਰ ਕਿਸਮ ਦੀ ਸਹਾਇਤਾ ਕਰਨੀ ਸਾਡੀ ਪਹਿਲ ਹੈ। ਸਾਰੇ ਡੈਮ ਸੁਰੱਖਿਅਤ ਅਤੇ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹਨ। ਉਮੀਦ ਹੈ ਪੰਜਾਬ ’ਚ ਅੱਜ ਸ਼ਾਮ ਤੱਕ ਹਾਲਾਤ ਕਾਫ਼ੀ ਸੁਧਰ ਜਾਣਗੇ। ਕਿਸੇ ਵੀ ਕਿਸਮ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜੇਗੀ।
ਪੰਜਾਬ ‘ਚ ਵੱਖ-ਵੱਖ ਥਾਵਾਂ ’ਤੇ ਪਿਛਲੇ ਕੁੱਝ ਦਿਨਾਂ ਦੌਰਾਨ ਹੋਈ ਬਾਰਸ਼ ਨੇ ਸੂਬੇ ’ਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਪਿੱਛੇ ਹਿਮਾਚਲ ਪ੍ਰਦੇਸ਼ ’ਚ ਹੋਈ ਵਰਖਾ ਹੈ। ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਚੰਗੀ ਖ਼ਬਰ ਇਹ ਹੈ ਕਿ ਇਸ ਹਫ਼ਤੇ ਸੂਬੇ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਤਾਂ ਹੋ ਸਕਦੀ ਹੈ ਪਰ ਭਾਰੀ ਮੀਂਹ ਦੇ ਆਸਾਰ ਨਹੀਂ ਹਨ। ਬੀਤੇ ਦਿਨੀਂ ਤਾਪਮਾਨ ’ਚ 4.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋ ਵੱਧ ਤਾਪਮਾਨ ਅੰਮ੍ਰਿਤਸਰ ਦਾ 37 ਡਿਗਰੀ ਸੈਲਸੀਅਸ ਰਿਹਾ। ਦੱਸਣਯੋਗ ਹੈ ਕਿ ਪੰਜਾਬ ‘ਚ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਨਦੀਆਂ, ਨਾਲੇ ਪੂਰੀ ਤਰ੍ਹਾਂ ਊਫ਼ਾਨ ‘ਤੇ ਚੱਲ ਰਹੇ ਸਨ ਅਤੇ ਕਈ ਥਾਵਾਂ ਤੋਂ ਪਾਣੀ ਛੱਡਿਆ ਗਿਆ ਸੀ। ਇਸ ਕਾਰਨ ਬਹੁਤ ਸਾਰੇ ਇਲਾਕਿਆਂ ‘ਚ ਪਾਣੀ ਭਰ ਗਿਆ ਸੀ। ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।