ਸੁਖਪਾਲ ਖਹਿਰਾ ਨੂੰ ਮਿਲਣ ਜੇਲ੍ਹ ਪੁੱਜੇ ਰਾਜਾ ਵੜਿੰਗ, ਕਿਸਾਨਾਂ ਨਾਲ ਵੀ ਕੀਤੀ ਮੁਲਾਕਾਤ

Share on Social Media

ਨਾਭਾ : ਨਵੀਂ ਜ਼ਿਲ੍ਹਾ ਜੇਲ੍ਹ ‘ਚ ਬੰਦ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਪੁੱਜੇ। ਕਰੀਬ ਇੱਕ ਘੰਟਾ ਸੁਖਪਾਲ ਖਹਿਰਾ ਅਤੇ ਰਾਜਾ ਵੜਿੰਗ ਦੀ ਜੇਲ੍ਹ ਅੰਦਰ ਮੁਲਾਕਾਤ ਹੋਈ। ਇਸ ਮੌਕੇ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ‘ਤੇ ਸ਼ਬਦੀ ਹਮਲੇ ਕੀਤੇ।

ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਜਾਣ-ਬੁੱਝ ਕੇ ਫਸਾਇਆ ਗਿਆ ਹੈ। ਉਨ੍ਹਾਂ ‘ਤੇ ਐੱਨ. ਡੀ. ਪੀ. ਸੀ. ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬ ਨੂੰ ਲੀਹਾ ‘ਤੇ ਲਿਜਾਣ ਲਈ ਤੁਸੀਂ ਇੱਕਜੁੱਟ ਹੋਵੋ ਅਤੇ ਤੁਸੀਂ ਬਹਿਸ-ਬਹਿਸਾਈ ਨਾ ਕਰੋ। ਇਸ ਮੌਕੇ ਰਾਜਾ ਵੜਿੰਗ ਨੇ ਮੰਡੀ ਵਿਖੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਨਾਲ ਮੁਲਾਕਾਤ ਮਗਰੋਂ ਕਿਸਾਨਾਂ ਨੇ ਕਿਹਾ ਕਿ ਰਾਜਾ ਵੜਿੰਗ ਵਲੋਂ ਸਿਆਸਤ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਵੀ ਇਹੀ ਹਾਲ ਸੀ। ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 48 ਘੰਟਿਆਂ ਅੰਦਰ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਉਹ ਕਾਂਗਰਸੀ ਵਰਕਰ ਦਿਨ-ਰਾਤ ਧਰਨੇ ‘ਤੇ ਬੈਠਣਗੇ।