ਸੁਲਤਾਨਪੁਰ ਲੋਧੀ ’ਚ ਨਿਹੰਗਾਂ ਤੇ ਪੁਲਸ ਦੇ ਮਾਮਲੇ ’ਚ ਹੋਈ ਝੜਪ ’ਚ ਜ਼ਖ਼ਮੀ ਹੋਣ ਵਾਲੇ ਪੁਲਸ ਮੁਲਾਜ਼ਮਾਂ ਦਾ ਹਾਲ-ਚਾਲ ਜਾਣਨ ਲਈ ਚੰਡੀਗੜ੍ਹ ਤੋਂ ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਖ਼ਾਸ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੀ ਸਨ।
ਸ਼ੁਕਲਾ ਸਿੱਧੇ ਹਸਪਤਾਲ ਗਏ ਜਿੱਥੇ ਇਲਾਜ ਲਈ ਪੁਲਸ ਦੇ ਜਵਾਨਾਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਜ਼ਖ਼ਮੀ ਜਵਾਨਾਂ ਤੋਂ ਪੂਰੀ ਘਟਨਾ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਜਵਾਨਾਂ ਨੇ ਬੜੀ ਹਿੰਮਤ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੁਨੀਆ ਦੀ ਬਿਹਤਰੀਨ ਪੁਲਸ ਫੋਰਸ ਹੈ, ਜਿਸ ਨੇ ਸੰਕਟ ਆਉਣ ’ਤੇ ਹਮੇਸ਼ਾ ਬਹਾਦਰੀ ਦਾ ਸਬੂਤ ਦਿੱਤਾ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਖ਼ਮੀ ਪੁਲਸ ਮੁਲਾਜ਼ਮਾਂ ਦਾ ਚੰਗੇ ਢੰਗ ਨਾਲ ਇਲਾਜ ਕਰਵਾਇਆ ਜਾਵੇਗਾ। ਸਪੈਸ਼ਲ ਡੀ. ਜੀ. ਪੀ. ਨੇ ਜੋਸ਼ੀ ਹਸਪਤਾਲ ਦੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜਵਾਨਾਂ ਦਾ ਪੂਰਾ ਧਿਆਨ ਰੱਖਣ ਲਈ ਕਿਹਾ।