ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਅੰਤ੍ਰਿਮ ਮੈਡੀਕਲ ਜ਼ਮਾਨਤ ਵਿਚ ਵਾਧਾ ਕਰਨ ਦਾ ਵਿਰੋਧ ਕਰਦੇ ਹੋਏ ਈ.ਡੀ. ਨੇ ਦਾਅਵਾ ਕੀਤਾ ਕਿ ਉਹ ਜੇਲ ਦੇ ਅੰਦਰ ਸਵੀਮਿੰਗ ਪੂਲ ਦੀ ਮੰਗ ਕਰ ਰਹੇ ਹਨ। ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ’ਚ 2022 ਤੋਂ ਈ.ਡੀ. ਦੀ ਹਿਰਾਸਤ ਵਿਚ ਹਨ।
ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਦੋਂ ਆਇਆ ਜਦੋਂ ਸਤੇਂਦਰ ਜੈਨ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਦੀ ਅਪੀਲ ਕੀਤੀ। ਸਿੰਘਵੀ ਨੇ ਕਿਹਾ ਕਿ ‘ਆਪ’ ਨੇਤਾ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਤਕਲੀਫ ’ਚ ਹਨ। ਈ. ਡੀ. ਦੀ ਅਗਵਾਈ ਕਰਦੇ ਹੋਏ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਕਿਹਾ ਕਿ ਜੈਨ ਦੀ ਡਾਕਟਰੀ ਸਲਾਹ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਲਈ ਕਾਫੀ ਨਹੀਂ ਹੈ। ਉਹ ਜੇਲ ਵਿਚ ਸਵੀਮਿੰਗ ਪੂਲ ਚਾਹੁੰਦੇ ਹਨ, ਹਰ ਕੋਈ ਇਸ ਦਾ ਖਰਚਾ ਸਹਿ ਨਹੀਂ ਸਕਦਾ।