ਲੰਘੇ ਸਾਲ ਨਾਲੋਂ 57 ਫੁੱਟ ਉੱਪਰ ਚਲ ਰਿਹੈ ਭਾਖੜਾ ਡੈਮ ’ਚ ਪਾਣੀ ਦਾ ਪੱਧਰ, ਪੌਂਗ ਡੈਮ ’ਚ ਵਧਿਆ ਪਾਣੀ

Share on Social Media

ਬਰਸਾਤਾਂ ਕਾਰਨ ਤੇ ਪਹਾੜਾਂ ਤੋਂ ਆ ਰਹੇ ਵੱਧ ਪਾਣੀ ਦਾ ਡੈਮਾਂ ’ਤੇ ਅਜੇ ਵੀ ਖਤਰਾ ਬਣਿਆ ਹੋਇਆ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1659 ਫੁੱਟ ਹੈ ਜਦਕਿ ਲੰਘੇ ਸਾਲ ਅੱਜ ਦੇ ਦਿਨ ਇਸ ਡੈਮ ਵਿਚ ਸਿਰਫ਼ 1602 ਫੁੱਟ ਪਾਣੀ ਸੀ। ਇਸ ਤਰ੍ਹਾਂ ਡੈਮ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 57 ਫੁੱਟ ਉੱਪਰ ਚੱਲ ਰਿਹਾ ਹੈ, ਜਿਸ ਕਾਰਨ ਲਗਾਤਾਰ ਵੱਧਦੇ ਪਾਣੀ ਨੂੰ ਦੇਖਦਿਆਂ ਭਾਖੜਾ ਡੈਮ ਦੀ ਮੈਨੇਜਮੈਂਟ ਰੋਜ਼ਾਨਾ 41 ਹਜ਼ਾਰ 666 ਫੁੱਟ ਪਾਣੀ ਡਿਸਚਾਰਜ ਕਰ ਰਹੀ ਹੈ, ਜਦਕਿ ਲੰਘੇ ਸਾਲ ਅੱਜ ਦੇ ਦਿਨ ਸਿਰਫ਼ 18083 ਪਾਣੀ ਡਿਸਚਾਰਜ ਹੋ ਰਿਹਾ ਸੀ। ਲਗਾਤਾਰ ਪਈਆਂ ਬਰਸਾਤਾਂ ਨੇ ਤੇ ਡੈਮਾਂ ਵਿਚੋਂ ਛੱਡੇ ਪਾਣੀਆਂ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਿਛਲੇ ਦਿਨੀਂ ਭਾਰੀ ਹੜ੍ਹ ਆ ਗਏ ਸਨ, ਜਿਸ ਨੇ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਅਤੇ ਸੈਂਕੜੇ ਲੋਕ ਬੇਘਰ ਵੀ ਕਰ ਦਿੱਤੇ ਸਨ। ਅੱਜ ਵੀ ਇਸ ਪਾਣੀ ਦਾ ਡਰ ਲੋਕਾਂ ’ਤੇ ਬਣਿਆ ਹੋਇਆ ਹੈ। ਭਾਖੜਾ ਡੈਮ ਵਿਚ ਲੰਘੇ ਸਾਲ ਅੱਜ ਦੇ ਦਿਨ 45 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਸੀ ਜਦਕਿ ਇਸ ਸਮੇਂ 58 ਹਜ਼ਰ ਕਿਊਸਿਕ ਪਾਣੀ ਆ ਰਿਹਾ ਹੈ, ਜਿਸ ਨੇ ਭਾਖੜਾ ਡੈਮ ਮੈਨੇਜਮੈਂਟ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਇਹ ਪਾਣੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰ ਰਿਹਾ ਹੈ।