ਲੁਧਿਆਣਾ :-ਡੇਂਗੂ ਦੇ ਮਾਮਲਿਆਂ ’ਚ ਚੁੱਪ ਧਾਰੀ ਬੈਠੇ ਸਿਹਤ ਵਿਭਾਗ ਨੇ ਇਸ ਤੋਂ ਪਰਦਾ ਚੁੱਕਦੇ ਹੋਏ ਡੇਂਗੂ ਦੇ 397 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ 56 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਐਪੀਡੈਮਿਓਜਾਲਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ ਡੇਂਗੂ ਦੇ 14 ਮਰੀਜ਼ ਦੂਜੇ ਸੂਬਿਆਂ ਨਾਲ ਸਬੰਧਿਤ ਹਨ। 56 ਪਾਜ਼ੇਟਿਵ ਮਰੀਜ਼ਾਂ ਤੋਂ ਇਲਾਵਾ 341 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ਵਿਚ 285 ਜ਼ਿਲ੍ਹੇ ਦੇ, 42 ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ ਰਿਪੋਰਟ ਹੋ ਰਹੇ ਸਨ ਪਰ ਸਿਹਤ ਵਿਭਾਗ ਇਨ੍ਹਾਂ ਰਿਪੋਰਟਾਂ ਨੂੰ ਦੱਬ ਕੇ ਬੈਠਾ ਹੋਇਆ ਸੀ। ਹੁਣ ਅਚਾਨਕ ਇੰਨੇ ਮਰੀਜ਼ ਸਾਹਮਣੇ ਆਉਣ ’ਤੇ ਲੋਕਾਂ ’ਚ ਦਹਿਸ਼ਤ ਪੈਦਾ ਹੋ ਗਈ ਹੈ। ਮਰੀਜ਼ਾਂ ਦੇ ਆਉਣ ਮੁਤਾਬਕ ਸਿਹਤ ਵਿਭਾਗ ਵਲੋਂ ਜ਼ਰੂਰੀ ਕਦਮ ਨਹੀਂ ਚੁੱਕੇ ਗਏ। ਹਾਲਾਤ ਵਿਗੜਦੇ ਦੇਖ ਕੇ ਡਾ. ਰਮੇਸ਼ ਭਗਤ ਨੂੰ ਵਾਪਸ ਬੁਲਾਇਆ ਗਿਆ ਹੈ ਪਰ ਵਿਭਾਗ ’ਚ ਚਰਚਾਵਾਂ ਹਨ ਕਿ ਡੇਂਗੂ ਦੇ ਮਾਮਲੇ ਸਭ ਤੋਂ ਘੱਟ ਦਰਸਾਏ ਗਏ ਹਨ। ਬਾਕੀ ਜ਼ਿਲ੍ਹਿਆਂ ਦੀ ਸਥਿਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਵੇਗਾ
ਹਸਪਤਾਲ ਚਾਂਦੀ ਕੁੱਟਣ ਲਗੇ ਤੇ ਮਨਮਰਜ਼ੀ ਦੇ ਲੈਣ ਲੱਗੇ ਟੈਸਟ ਦੇ ਰੇਟ ਸਿਹਤ ਵਿਭਾਗ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਕਈ ਹਸਪਤਾਲਾਂ ਤੇ ਨਰਸਿੰਗ ਹੋਮ ਪ੍ਰਬੰਧਕਾਂ ਨੇ ਡੇਂਗੂ ਦੇ ਨਾਮ ’ਤੇ ਵਾਇਰਲ ਦੇ ਮਰੀਜ਼ਾਂ ਨੂੰ ਵੀ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਟੈਸਟ ਦੇ ਨਾਂ ’ਤੇ ਸਰਕਾਰ ਵਲੋਂ ਨਿਰਧਾਰਤ ਕੀਤੀ ਟੈਸਟ ਫ਼ੀਸ ਦੀ ਬਜਾਏ ਮਨਮਰਜ਼ੀ ਦੇ ਰੇਟ ਲੈਣੇ ਸ਼ੁਰੂ ਕਰ ਦਿੱਤੇ ਹਨ ਪਰ ਸਿਹਤ ਵਿਭਾਗ ਵਲੋਂ ਇਸ ਦਿਸ਼ਾ ’ਚ ਇਸ ਲੁੱਟ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।