ਰਾਘਵ-ਪਰਿਣੀਤੀ ਨੇ ਲਏ ਫੇਰੇ, ਕਿਸ਼ਤੀ ’ਚ ਪਹੁੰਚੀ ਬਾਰਾਤ, ਦੂਰ-ਦੂਰ ਤੱਕ ਗੂੰਜੇ ਵਿਆਹ ਦੇ ਮੰਤਰ

Share on Social Media

 ਫ਼ਿਲਮ ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਜਨੇਤਾ ਰਾਘਵ ਚੱਢਾ ਦਾ ਵਿਆਹ ਅੱਜ ਉਦੈਪੁਰ ’ਚ ਹੋ ਰਿਹਾ ਹੈ। ਦੋਵਾਂ ਦਾ ਵਿਆਹ ਸੂਰਜ ਡੁੱਬਣ ਦੇ ਸਮੇਂ ਉਦੈਪੁਰ ਦੇ ਲੀਲਾ ਪੈਲੇਸ ’ਚ ਹੋਇਆ। ਹਾਲਾਂਕਿ ਇਹ ਪੂਰਾ ਸਮਾਰੋਹ ਦੋਵਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਦੋਸਤਾਂ ਤੇ ਜਾਣੂਆਂ ਤੱਕ ਸੀਮਤ ਰੱਖਿਆ ਗਿਆ ਸੀ ਪਰ ਪਾਪਾਰਾਜ਼ੀ ਤੇ ਮੀਡੀਆ ਨੇ ਇਸ ਸਮਾਗਮ ਨੂੰ ਦੂਰੋਂ ਹੀ ਆਪਣੇ ਅੰਦਾਜ਼ ’ਚ ਕਵਰ ਕੀਤਾ। ਇਸ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ, ਜਿਨ੍ਹਾਂ ’ਚ ਅਜਿਹੀਆਂ ਵੀਡੀਓਜ਼ ਵੀ ਸ਼ਾਮਲ ਹਨ, ਜਿਨ੍ਹਾਂ ’ਚ ਵਿਆਹ ਵਾਲੀ ਥਾਂ ਤੋਂ ਮੰਤਰ ਗੂੰਜਦੇ ਸੁਣੇ ਜਾ ਸਕਦੇ ਹਨ। ਵਿਆਹ ਲਈ ‘ਆਪ’ ਨੇਤਾ ਰਾਘਵ ਆਪਣੀ ਬਾਰਾਤ ਨਾਲ ਤਾਜ ਲੇਕ ਪੈਲੇਸ ਤੋਂ ਕਿਸ਼ਤੀਆਂ ’ਤੇ ਲੀਲਾ ਪੈਲੇਸ ਪਹੁੰਚੇ, ਜਿਥੇ ਵਿਆਹ ਦੀ ਰਸਮ ਸੂਰਜ ਡੁੱਬਣ ਦੇ ਨਾਲ ਸ਼ੁਰੂ ਹੋਈ।

ਸ਼ਾਹੀ ਅੰਦਾਜ਼ ’ਚ ਹੋਏ ਇਸ ਵਿਆਹ ’ਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਯੁਵਾ ਸੈਨਾ ਦੇ ਆਦਿਤਿਆ ਠਾਕਰੇ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਕ੍ਰਿਕਟਰ ਹਰਭਜਨ ਸਿੰਘ, ਗੀਤਾ ਬਸਰਾ ਤੇ ਅਦਾਕਾਰਾ ਭਾਗਿਆਸ਼੍ਰੀ ਸ਼ਾਮਲ ਹਨ। ਹਰਭਜਨ ਸਿੰਘ ਦੀ ਪਤਨੀ ਤੇ ਅਦਾਕਾਰਾ ਗੀਤਾ ਬਸਰਾ ਨੇ ਇਕ ਵੀਡੀਓ ਸਾਂਝੀ ਕੀਤੀ, ਜਦੋਂ ਉਹ ਵਿਆਹ ’ਚ ਸ਼ਾਮਲ ਹੋਣ ਲਈ ਕਿਸ਼ਤੀ ’ਚ ਬੈਠੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਕਾਲੀ ਕਮੀਜ਼-ਪੈਂਟ ਤੇ ਚਿੱਟੀ ਪੱਗ ’ਚ ਰਾਘਵ ਚੱਢਾ ਦੀ ਬਾਰਾਤ ’ਚ ਨਜ਼ਰ ਆਏ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀਲੀ ਪੱਗ ਦੇ ਨਾਲ ਕਰੀਮ ਕੁੜਤਾ-ਪਜਾਮਾ ਪਹਿਨੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਵਿਆਹ ਲਈ ਲਾੜਾ-ਲਾੜੀ ਨੇ ਸਫੈਦ ਕਰੀਮ ਰੰਗ ਦੇ ਡਿਜ਼ਾਈਨਰ ਕੱਪੜੇ ਪਹਿਨੇ ਸਨ।