ਰਵਿੰਦਰ ਗਰੇਵਾਲ ਦੇ ਸ਼ਹੀਦ ਊਧਮ ਸਿੰਘ ਬਾਰੇ ਗਾਏ ਗੀਤ ਦੀ ਹੋ ਰਹੀ ਸ਼ਲਾਘਾ।

Share on Social Media

ਚੰਡੀਗੜ੍ਹ-(ਨਿੰਦਰ ਘੁਗਿਆਣਵੀ) ਚਰਚਿਤ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਆਪਣੀ ਗਾਇਕੀ ਦੇ ਹੁਣ ਤਕ ਦੇ ਸਫਰ ਵਿਚ ਸਮੇਂ ਸਮੇਂ ਉਤੇ ਕਈ ਉਘੇ ਦੇਸ਼ ਭਗਤਾਂ ਦੀ ਯਾਦ ਵਿਚ ਗੀਤ ਗਾਕੇ ਉਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ। ਹਾਲ ਹੀ ਵਿਚ (25 ਜੁਲਾਈ ਦੇ ਦਿਨ) ਰਵਿੰਦਰ ਗਰੇਵਾਲ ਵਲੋਂ ਗਾਏ ਸ਼ਹੀਦ ਊਧਮ ਸਿੰਘ ਬਾਰੇ ਗਾਏ ਗੀਤ ਨੂੰ ਸਰੋਤਿਆਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ। ਇਸ ਕਾਰਣ ਰਵਿੰਦਰ ਗਰੇਵਾਲ ਨੇ ਆਪਣੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਾਡੇ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਇਹਨਾਂ ਮਹਾਨ ਦੇਸ਼ ਭਗਤਾਂ ਨੂੰ ਆਪਣੀਆਂ ਕਲਾ ਕਿਰਤਾਂ ਸਦਕਾ ਹਮੇਸ਼ਾ ਯਾਦ ਰੱਖਣਾ ਸਾਡਾ ਸਭਨਾਂ ਦਾ ਅਹਿਮ ਫਰਜ ਹੈ। ਉਸਨੇ ਦੱਸਿਆ ਕਿ 31 ਜੁਲਾਈ ਦੇ ਦਿਨ ਇਸ ਗੀਤ ਦੀ ਅਹਿਮੀਅਤ ਹੋਰ ਵੀ ਵਧੇਰੇ ਹੋਵੇਗੀ ਕਿਉਂਕ ਮਹਾਨ ਦੇਸ਼ ਭਗਤ ਊਧਮ ਸਿੰਘ ਦੀ ਬਰਸੀ ਦਾ ਦਿਨ ਹੈ। ਇਸ ਗੀਤ ਦੀ ਸ਼ੂਟਿੰਗ ਮਹਾਰਾਜਾ ਦਲੀਪ ਸਿੰਘ ਦੋ ਕੋਠੀ ਬੱਸੀਆਂ ਰਾਏਕੋਟ ਵਿਖੇ ਕੀਤੀ ਗਈ ਹੈ। ਇੰਗਲੈਂਡ ਦੇ ਕੈਨ ਬ੍ਰਿਜ ਤੇ ਵਿੰਡਸਰ ਰਾਣੀ ਜਿੰਦ ਕੌਰ ਦੇ ਮਹੱਲ ਨੇੜੇ ਵੀ ਕੁਝ ਸ਼ੂਟਿੰਗ ਹੋਈ ਹੈ। ਗੀਤ ਜੱਗਾ ਭੀਖੀ ਨੇ ਲਿਖਿਆ ਤੇ ਉਘੇ ਸੰਗੀਤਕਾਰ ਲਾਲ ਕਮਲ ਨੇ ਸੰਗੀਤ ਦਿੱਤਾ ਹੈ। ਟੇਢੀ ਪੱਗ ਯੂ ਟਿਊਬ ਚੈਨਲ ਵਲੋਂ ਰਿਲੀਜ ਹੋਇਆ ਹੈ। ਹਾਕਮ ਤੇ ਸੈਂਡੀ ਨੇ ਵੀਡੀਓ ਡਾਇਰੈਕਟ ਕੀਤਾ ਹੈ। ਗਰੇਵਾਲ ਵਲੋਂ ਚਿੱਟੀ ਦਸਤਾਰ ਤੇ ਕਾਲਾ ਕੋਟ ਪਹਿਨ ਕੇ, ਹੱਥ ਵਿਚ ਨੀਲੀ ਜਿਲਦ ਵਾਲੀ ਡਾਇਰੀ ਫੜ ਕੇ ਸ਼ਹੀਦ ਊਧਮ ਸਿੰਘ ਦਾ ਕਿਰਦਾਰ ਬੜਾ ਸੁਨੱਖਾ ਨਿਭਾਇਆ ਗਿਆ ਹੈ। ਇਹ ਗੀਤ ਲਗਪਗ ਸਾਰੇ ਪ੍ਰਮੁੱਖ ਟੀ ਵੀ ਚੈਨਲਾਂ ਉਤੇ ਰਿਲੀਜ ਹੋ ਰਿਹਾ ਹੈ। ਪੰਜਾਬ ਦੀਆਂ ਲੋਕ ਪੱਖੀ ਤੇ ਅਗੇ ਵਧੂ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਨਵੀਨ ਗਾਇਕਾਂ ਨੂੰ ਸਾਡੇ ਦੇਸ਼ ਭਗਤਾਂ ਦੀ ਵਿਰਾਸਤ ਬਾਰੇ ਨਵੀਂ ਪੀੜੀ ਨੂੰ ਜਾਣੂੰ ਕਰਵਾਉਣਾ ਵਧੀਆ ਯਤਨ ਹਨ, ਜੋ ਜਾਰੀ ਰਹਿਣੇ ਚਾਹੀਦੇ ਹਨ।