ਮੇਰੀ ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ *ਕੁਲਤਾਰ ਸੰਧਵਾਂ-ਬਨਾਮ- ਕਵੀ ਸ਼ਿਵ ਨਾਥ !

Share on Social Media

ਗੱਲ ਇਨਾਂ ਹੀ ਦਿਨਾਂ ਦੀ ਹੈ, ਹੋਇਆ ਇਹ ਹੈ ਕਿ ਕਾਫੀ ਦਿਨਾਂ ਤੋਂ ਪੰਜਾਬੀ ਦਾ ਬਜੁਰਗ ਲੇਖਕ ਤੇ ਕਵੀ ਸ਼ਿਵ ਨਾਥ ਚੰਡੀਗੜ੍ਹ 32 ਸੈਕਟਰ ਵਾਲੇ ਸਰਕਾਰੀ ਹਸਪਤਾਲ ਵਿਚ ਦਾਖਿਲ ਹੈ। ਸ਼ਿਵ ਨਾਥ ਨੇ ਪੰਜਾਬੀ ਸਾਹਿਤ ਦੀ ਝੋਲੀ 22 ਕਿਤਾਬਾਂ ਪਾਈਆਂ ਹਨ। ਉਸਨੇ ਆਪਣਾ ਪੇਟ ਪਾਲਣ ਲਈ ਮੋਹਲੀ ਦੇ ਘਰਾਂ ਵਿਚ ਸਾਹਿਤਕ ਰਸਾਲੇ ਕਿਰਾਏ ਉਤੇ ਲਿਜਾਣੇ ਸ਼ੁਰੂ ਕੀਤੇ ਸਨ ਤੇ ਅਣਗਿਣਤ ਲੋਕਾਂ ਨੂੰ ਸਾਹਿਤ ਨਾਲ ਜੋੜਿਆ ਸੀ। ਸਾਇਕਲ ਉਤੇ ਜਾਂ ਪੈਦਲ ਹੀ ਸ਼ਿਵ ਨਾਥ ਗਲੀਓ-ਗਲੀ ਭਾਉਂਦਾ ਫਿਰਦਾ ਰਹਿੰਦਾ ਸੀ। ਉਸਦੀ ਰੋਟੀ ਰੋਜੀ ਦੇ ਜੁਗਾੜ ਦਾ ਇਹੋ ਇਕੋ ਇਕ ਵਸੀਲਾ ਸੀ ਬਸ ਰਸਾਲੇ ਘਰ ਘਰ ਕਿਰਾਏ ਉਤੇ ਦੇਣੇ। ਉਸਦਾ ਬੇਟਾ ਵੀ ਕਿਧਰੇ ਕੋਈ ਨੌਕਰੀ ਨਾ ਲਗ ਸਕਿਆ ਤੇ ਮਜਦੂਰੀ ਕਰਨ ਵਾਂਗ ਹੀ ਉਹ ਟੱਬਰ ਪਾਲ ਰਿਹਾ ਹੈ ਕਿਸੇ ਸਕੂਟਰ ਵਰਕਸ਼ਾਪ ਉਤੇ ਕੰਮ ਕਰਕੇ। ਸ਼ਿਵ ਨਾਥ ਅਜਿਹਾ ਸਾਹਿਤਕਾਰ ਨਹੀ ਸੀ ਕਿ ਉਹ ਹੋਰਨਾਂ ਸਾਹਿਤਕਾਰਾਂ ਵਾਂਗ ਚੁਸਤ ਚਲਾਕ ਹੁੰਦਾ, ਜਾਂ ਖੁਸ਼ਾਮਦੀ ਹੁੰਦਾ, ਜਾਂ ਫਿਰ ਕਿਸੇ ਤੋਂ ਕੋਈ ਫਾਇਦਾ ਲੈ ਲੈਂਦਾ, ਜਾਂ ਕਿਸੇ ਸਰਕਾਰ ਦੇ ਦਰਬਾਰ ਵਿਚ ਜਾ ਕੇ ਅਲਖ ਜਗਾਉਂਦਾ। ਉਹ ਮਸਤ ਮੌਲਾ ਜਿਹਾ ਤੇ ਭੋਲਾ ਭਾਲਾ ਜਿਹਾ ਲਿਖਾਰੀ ਹੈ, ਜੋ ਹੁਣ ਹਸਪਤਾਲ ਦਾਖਿਲ ਹੈ। ਖੈਰ!
ਦੇਰ ਤੋਂ ਦਿੱਲੀ ਵੱਸਦੇ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨਾਲ ਸ਼ਿਵ ਨਾਥ ਦਾ ਦਿਲੋਂ ਮੋਹ ਰਿਹਾ ਹੈ। ਇਕ ਦਿਨ ਸ੍ਰ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਈਮੇਲ ਸ਼ਿਵ ਨਾਥ ਦੀ ਬੀਮਾਰੀ ਦੇ ਇਲਾਜ ਖਾਤਰ ਲਿਖ ਦਿੱਤੀ, ਤੇ ਨਾਲ ਹੀ ਇਕ ਈਮੇਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਲਿਖ ਦਿੱਤੀ। ਈਮੇਲ ਮਿਲਦਿਆਂ ਹੀ ਸੰਧਵਾ ਜੀ ਨੇ ਭੁੱਲਰ ਜੀ ਨੂੰ ਖੁਦ ਫੋਨ ਕੀਤਾ ਤੇ ਆਖਿਆ, “ਸਰ, ਜਦ ਸਰਕਾਰੀ ਪੈਸੇ ਮਨਜੂਰ ਹੋਣਗੇ, ਉਹ ਵੀ ਦੇ ਦਿਆਂਗੇ, ਫਿਲਹਾਲ ਮੈਂ ਆਪਣੀ ਜੇਬ ‘ਚੋਂ ਸ਼ਿਵ ਨਾਥ ਜੀ ਨੂੰ ਇਲਾਜ ਵਾਸਤੇ ਪੈਸੇ ਦੇ ਕੇ ਆਉਂਦਾ ਹਾਂ।” ਕੁਲਤਾਰ ਸਿੰਘ ਸੰਧਵਾਂ ਨੇ ਜੋ ਕਿਹਾ, ਉਹ ਉਸਨੇ ਕੀਤਾ ਤੇ ਲਿਖਾਰੀ ਸ਼ਿਵ ਨਾਥ ਦਾ ਇਲਾਜ ਹੋਰ ਚੰਗੇ ਢੰਗ ਨਾਲ ਹੋਣ ਲੱਗਿਆ। ਉਸਦੇ ਪਰਿਵਾਰ ਦਾ ਟੁੱਟਾ ਹੌਸਲਾ ਬੱਝਣ ਲੱਗਿਆ। ਜਿਹੜੀ ਈਮੇਲ ਭੁੱਲਰ ਜੀ ਨੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਲਿਖੀ ਸੀ, ਉਹ ਉਨਾਂ ਦੇ ਦਫਤਰ ਵਿਚ ਮਿਲਦੇ ਸਾਰ ਮੁੱਖ ਮੰਤਰੀ ਨੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੂੰ ਭੇਜ ਦਿੱਤੀ। ਡਾ ਬਲਬੀਰ ਸਿੰਘ ਨੇ ਭੁੱਲਰ ਜੀ ਨੂੰ ਆਪ ਫੋਨ ਕਰਿਆ ਤੇ ਆਖਿਆ, “ਪੰਜਾਬ ਸਰਕਾਰ ਵੱਲੋਂ ਇਲਾਜ ਮੁਫਤ ਵਾਸਤੇ ਹਸਪਤਾਲ ਨੂੰ ਆਖ ਦਿੱਤਾ ਹੈ,ਇਲਾਜ ਮੁਫਤ ਹੋ ਜਾਏਗਾ ਤੇ ਅਸੀਂ ਹੋਰ ਵੀ ਆਰਥਿਕ ਸਹਾਇਤਾ ਲਈ ਜਲਦੀ ਹੀ ਸਾਰਾ ਕੁਝ ਕਰਦੇ ਹਾਂ, ਆਪ ਫਿਕਰ ਨਾ ਕਰੋ।”
**
ਇਹ ਜੋ ਕਿੱਸਾ ਆਪ ਨੇ ਸ਼ਿਵ ਨਾਥ ਵਾਲਾ ਪੜਿਆ ਹੈ, ਇਹ ਗੱਲ ਮਾਮੂਲੀ ਨਹੀਂ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਂ ਉਨਾਂ ਸਮਿਆਂ ਵਿਚ ਪੰਜਾਬ ਦੇ ਬੜੇ ਬੜੇ ਨਾਮਵਰ ਕਲਾਕਾਰ, ਲੇਖਕ, ਚਿੱਤਰਕਾਰ ਤੇ ਸੰਗੀਤਕਾਰ ਇਲਾਜ ਕਰਵਾਉਣ ਖੁਣੋ ਹੀ ਮਰ-ਖਪ ਗਏ। ਕਿਸੇ ਨੇ ਉਨਾਂ ਦੀ ਆਵਾਜ ਹੀ ਬੁਲੰਦ ਨਹੀ ਕੀਤੀ, ਜੇ ਕਿਸੇ ਨੇ ਕੀਤੀ ਵੀ ਸੀ, ਤਾਂ ਕਿਸੇ ਨੇ ਸੁਣੀ ਹੀ ਨਹੀਂ ਸੀ।
*
ਕੁਲਤਾਰ ਸਿੰਘ ਸੰਧਵਾਂ ਮੈਨੂੰ ਕੋਈ ਓਪਰਾ ਨਹੀ ਹੈ, ਮੇਰੇ ਜਿਲੇ ਦਾ ਹੈ। ਉਹ ਮੰਤਰੀ ਵੀ ਨਹੀ ਹੈ, ਤੇ ਉਹ ਸਿਰਫ ਸਪੀਕਰ ਪੰਜਾਬ ਵਿਧਾਨ ਸਭਾ ਹੋ ਕੇ ਇਕ ਮੰਤਰੀ ਤੋਂ ਵੀ ਵੱਧ ਫਰਜ ਨਿਭਾ ਗਿਆ ਹੈ। ਹੈ ਨਾ ਸੁਆਦ ਵਾਲੀ ਗੱਲ, ਤੇ ਨਾਲ ਮਾਣ ਕਰਨ ਵਾਲੀ ਵੀ ਗੱਲ ਵੀ! ਇਥੇ ਮੈਨੂੰ ਲਿਖਦੇ ਹੋਏ ਯਾਦ ਆ ਗਿਆ ਹੈ ਕਿ ਜੋ ਗੁਰਬਚਨ ਸਿੰਘ ਭੁੱਲਰ ਨੇ ਕੁਲਤਾਰ ਸਿੰਘ ਸੰਧਵਾਂ ਹੱਥੋਂ ਕਰਵਾਇਆ ਹੈ, ਉਹੀ ਮੈਂ 2018 ਵਿਚ ਉਸ ਵੇਲੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੱਥੋਂ ਸਾਡੇ ਉਘੇ ਨਾਟਕਕਾਰ ਅਜਮੇਰ ਸਿੰਘ ਔਲਖ ਵਾਸਤੇ ਕਰਵਾਇਆ ਸੀ ਤੇ ਸਿੱਧੂ ਦੇ ਨਿੱਜੀ ਖਾਤੇ ‘ਚੋਂ ਹੀ ਕਰਵਾਇਆ ਸੀ। ਸਿੱਧੂ ਖੁਦ ਸਾਡੇ ਨਾਲ ਫੋਰਟਿਸ ਹਸਪਤਾਲ ਔਲਖ ਜੀ ਦਾ ਬਕਾਇਆ ਲੱਖਾਂ ਰੁਪਏ ਦਾ ਬਿੱਲ ਅਦਾ ਕਰਨ ਗਏ ਸਨ। ਇਸ ਗੱਲ ਦੀ ਸਭਿਆਚਾਰਕ ਖੇਤਰ ਵਿਚ ਸਿਫਤ ਵੀ ਹੋਈ ਸੀ ਤੇ ਹੋਣੀ ਵੀ ਚਾਹੀਦੀ ਸੀ। ਖੈਰ! ਇਨਾਂ ਸ਼ਬਦਾਂ ਨਾਲ ਅਜ ਦੀ ਡਾਇਰੀ ਦਾ ਪੰਨਾ ਸਮਾਪਤ ਕਰਦਾ ਹਾਂ:
ਨਹੀਓਂ ਲੱਭਣੇ ਲਾਲ ਗੁਆਚੇ
ਮਿੱਟੀ ਨਾ ਫਰੋਲ ਜੋਗੀਆ