ਮੁੱਖ ਮੰਤਰੀ ਦੀ ਖੁੱਲ੍ਹੀ ਬਹਿਸ ਦੇ ਸੱਦੇ ’ਤੇ ਜਾਖੜ ਨੇ ਫਿਰ ਕੀਤਾ ਟਵੀਟ, ਆਖੀ ਇਹ ਵੱਡੀ ਗੱਲ

Share on Social Media

ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਗਏ ਬਹਿਸ ਦੇ ਸੱਦੇ ਨੂੰ ਲੈ ਕੇ ਮੁੜ ਟਵੀਟ ਕਰਕੇ ਸਵਾਲ ਚੁੱਕੇ ਹਨ। ਜਾਖੜ ਨੇ ਆਖਿਆ ਹੈ ਕਿ ਪੰਜਾਬ ਮੰਗਦਾ ਜਵਾਬ, ਮਾਨ ਸਾਹਬ ! ਸੱਦਾ ਦੇ ਕੇ ਹੁਣ ਭੱਜਦੇ ਕਿਉਂ ਹੋ ? ਜੇ ਨਹੀਂ ਭੱਜਦੇ ਤਾਂ ਬਹਿਸ ਦਾ ਸੰਚਾਲਨ/ਨਿਗਰਾਨੀ ਕਰਨ ਲਈ ਇਨ੍ਹਾਂ ਨਾਂਵਾਂ (ਡਾ. ਧਰਮਵੀਰ ਗਾਂਧੀ, ਐੱਚ. ਐੱਸ. ਫੂਲਕਾ, ਕੰਵਰ ਸੰਧੂ) ’ਤੇ ਇਤਰਾਜ਼ ਕਿਉਂ ? ਜੇ ਇਤਰਾਜ਼ ਨਹੀਂ ਤਾਂ ਭਰੋ ਹਾਮੀ। ਜਾਖੜ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਸਹਿਮਤੀ ਦਿੰਦੀ ਹੈ ਤਾਂ ਇਨ੍ਹਾਂ ਆਗੂਆਂ ਨੂੰ ਲੈ ਕੇ ਆਉਣ ਦੀ ਜ਼ਿੰਮੇਵਾਰੀ ਮੇਰੀ ਰਹੇਗੀ।

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਮੁੱਦਿਆਂ ’ਤੇ ਦਿੱਤੇ ਗਏ ਖੁੱਲ੍ਹੀ ਬਹਿਸ ਦੇ ਸੱਦੇ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਵੀਂ ਸ਼ਰਤ ਰੱਖੀ ਸੀ। ਜਾਖੜ ਨੇ ਟਵੀਟ ਕਰਦਿਆਂ ਆਖਿਆ ਸੀ ਕਿ ਮੌਜੂਦਾ ਮੁੱਦਿਆਂ ਦੀ ਡੂੰਘੀ ਮਹੱਤਤਾ ਨੂੰ ਦੇਖਦੇ ਹੋਏ ਤੇ ਇਹ ਯਕੀਨੀ ਬਣਾਉਣ ਲਈ ਕਿ ਸਵੈ ਇੱਛਤ ‘ਆਪ’ ਲੀਡਰਸ਼ਿਪ ਪੀ. ਏ. ਯੂ. ਥੀਏਟਰ ਨੂੰ ਬੇਤੁਕੀ ਬਹਿਸ ਦੇ ਅੱਡੇ ’ਚ ਨਾ ਬਦਲ ਦੇਵੇ। ਮੈਂ ਇਕ 3 ਮੈਂਬਰੀ ਪੈਨਲ ਦਾ ਪ੍ਰਸਤਾਅ ਕਰਦਾ ਹਾਂ, ਜਿਸ ਵਿਚ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਐੱਚ. ਐੱਸ. ਫੂਲਕਾ, ਸਾਬਕਾ ਵਿਧਾਇਕ ਕੰਵਰ ਸੰਧੂ ਬਹਿਸ ਨੂੰ ਸਹੀ ਦਿਸ਼ਾ ਵਿਚ ਚਲਾਉਣ। ਸਾਰੀ ਤਿੰਨ ਉੱਘੀਆਂ ਸ਼ਖਸੀਅਤਾਂ ਬਿਨਾਂ ਸ਼ੱਕ ਈਮਾਨਦਾਰੀ ਰੱਖਦੀਆਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਚਿੰਤਾ ਲਈ ਉਹ ਜਾਣੇ ਜਾਂਦੇ ਹਨ। ਹਾਲਾਂਕ ਜਾਖੜ ਨੇ ਇਹ ਵੀ ਆਖਿਆ ਹੈ ਕਿ ਉਨ੍ਹਾਂ ਦੀ ਸਹਿਮਤੀ ਲਏ ਬਿਨਾਂ ਉਨ੍ਹਾਂ ਦੇ ਨਾਂ ਦੇਣ ਲਈ ਮੈਂ ਮੁਆਫੀ ਮੰਗਦਾ ਹਾਂ। ਜੇ ਉਹ ਮੇਰੇ ਸੁਝਾਅ ਨਾਲ ਸਹਿਮਤ ਹਨ ਅਤੇ ਸੂਬਾ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਪੰਜਾਬ ਦੇ ਮੁੱਦਿਆਂ ’ਤੇ ਬਹਿਸ ਨਿਸ਼ਚਿਤ ਤੌਰ ’ਤੇ ਭਰਪੂਰ ਅਤੇ ਮਜ਼ਬੂਤ ਹੋਵੇਗੀ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮਹਾ ਬਹਿਸ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਕਰਵਾਏ ਜਾਣ ਦੀ ਚਰਚਾ ਸੀ। ਜਿਸ ਵਿਚ ਸੁਨੀਲ ਜਾਖੜ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਕੋਈ ਥੀਏਟਰ ਆਰਟਿਸਟ ਨਹੀਂ ਹਾਂ, ਥੀਏਟਰ ‘ਚ ਜਾ ਕੇ ਕਾਮੇਡੀਆਂ ਹੁੰਦੀਆਂ ਹਨ, ਇਸ ਲਈ ਮੈਂ ਟੈਗੋਰ ਥੀਏਟਰ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਇਕ ਮਸਲਾ ਤਾਂ ਦੱਸੇ ਕਿ ਆਖ਼ਰ ਖੁੱਲ੍ਹੀ ਬਹਿਸ ਕਿਸ ਮਸਲੇ ‘ਤੇ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਬਹਿਸ ਰੱਖਣੀ ਹੈ ਤਾਂ ਫਿਰ ਉਨ੍ਹਾਂ ਨਾਲ ਅਬੋਹਰ ਚੱਲਣ, ਜਿੱਥੇ ਪਾਣੀਆਂ ਦੇ ਬਾਹਰ ਜਾਣ ਦਾ ਅਸਰ ਪਵੇਗਾ।