ਬਠਿੰਡਾ : ਬਠਿੰਡਾ ਅਦਾਲਤ ਵੱਲੋਂ ਜ਼ਮਾਨਤ ਪਟੀਸ਼ਨ ਖ਼ਾਰਜ ਕੀਤੇ ਜਾਣ ਮਗਰੋਂ ਹੁਣ ਸੂਬੇ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੈ। ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਮਨਪ੍ਰੀਤ ਨੇ ਅਗਾਊਂ ਜ਼ਮਾਨਤ ਮੰਗੀ ਹੈ। ਹਾਲੇ ਇਹ ਪਟੀਸ਼ਨ ਹਾਈ ਕੋਰਟ ਦੀ ਰਜਿਸਟਰੀ ਵਿਚ ਫਾਈਲ ਹੋਈ ਹੈ ਤੇ ਇਹ ਜਲਦੀ ਸੁਣਵਾਈ ਲਈ ਸੂਚੀਬੱਧ ਹੋ ਸਕਦੀ ਹੈ।
ਮਨਪ੍ਰੀਤ ਵਿਰੁੱਧ ਵਿਜੀਲੈਂਸ ਬਿਊਰੋ ਨੇ 24 ਸਤੰਬਰ ਨੂੰ ਬਠਿੰਡਾ ਵਿਚ ਪਲਾਟ ਅਲਾਟਮੈਂਟ ਨਾਲ ਜੁੜੇ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਵਿਜੀਲੈਂਸ ਉਨ੍ਹਾਂ ਦੀ ਭਾਲ ਵਿਚ 6 ਸੂਬਿਆਂ ਵਿਚ ਛਾਪਾਮਾਰੀ ਕਰ ਚੁੱਕੀ ਹੈ। ਚੰਡੀਗੜ੍ਹ ਤੇ ਲੰਬੀ ਵਿਚ ਵਿਚ ਉਨ੍ਹਾਂ ਦੇ ਘਰ ’ਤੇ ਵੀ ਵਿਜੀਲੈਂਸ ਦੀਆਂ ਟੀਮਾਂ ਨੇ ਛਾਪਾ ਮਾਰਿਆ ਪਰ ਉਹ ਹੱਥ ਨਹੀਂ ਲੱਗੇ ਸਨ। ਮਨਪ੍ਰੀਤ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਜੇ ਪਲਾਟ ਖ਼ਰੀਦ ਮਾਮਲੇ ਵਿਚ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਬੀਡੀਏ ਅਫ਼ਸਰ ਜ਼ਿੰਮੇਵਾਰ ਹਨ ਤੇ ਇਨ੍ਹਾਂ ’ਤੇ ਕੋਈ ਦਬਾਅ ਨਹੀਂ ਪਾਇਆ ਸੀ। ਜੇ ਪਲਾਟਾਂ ਦੀ ਬੋਲੀ ਦੌਰਾਨ ਆਨਲਾਈਨ ਨਕਸ਼ੇ ਅੱਪਲੋਡ ਨਹੀਂ ਹੋਏ ਤੇ ਇਨ੍ਹਾਂ ਪਲਾਟਾਂ ਦੀ ਲੋਕੇਸ਼ਨ ਨਹੀਂ ਮਿਲੀ ਤਾਂ ਮੇਰੀ ਕੋਈ ਗ਼ਲਤੀ ਨਹੀਂ ਹੈ। ਇਸ ਦੇ ਲਈ ਬੀਡੀਏ ਅਫ਼ਸਰ ਜ਼ਿੰਮੇਵਾਰ ਹਨ।