ਭਾਰਤ ਨੇ ਦਵਾਈਆਂ ਬਣਾਉਣ ‘ਚ ਕੰਮ ਆਉਣ ਵਾਲੀ ਸਮੱਗਰੀ ਦਾ ਉਤਪਾਦਨ ਕੀਤਾ ਸ਼ੁਰੂ, ਨਹੀਂ ਰਹੇਗੀ ਚੀਨ ’ਤੇ ਨਿਰਭਰਤਾ

Share on Social Media

ਦਵਾਈ ਉਤਪਾਦਨ ਦੇ ਖੇਤਰ ’ਚ ਭਾਰਤ ਹੁਣ ਚੀਨ ’ਤੇ ਨਿਰਭਰ ਨਹੀਂ ਰਹੇਗਾ। ਭਾਰਤ ਨੇ ਦਵਾਈਆਂ ਬਣਾਉਣ ਵਿਚ ਕੰਮ ਆਉਣ ਵਾਲੀ ਸਮੱਗਰੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਮੁਲਕ ਦੇ ਲੰਘੇ ਲਗਭਗ ਡੇਢ ਸਾਲਾਂ ਦੌਰਾਨ 38 ‘ਅਤਿ-ਜ਼ਰੂਰੀ ਔਸ਼ਧੀ ਸਮੱਗਰੀਆਂ’ ਭਾਵ ਕਿ ਏਪੀਆਈ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਭਾਰਤ ਪਹਿਲਾਂ ਇਨ੍ਹਾਂ ਦੀ ਦਰਾਮਦ ਕਰਦਾ ਸੀ। ‘ਉਤਪਾਦਨ ਨਾਲ ਜੁੜੇ ਉਤਸ਼ਾਹ’ (ਪੀਐੱਲਆਈ) ਯੋਜਨਾ ਤਹਿਤ ਇਹ ਦਵਾਈ ਸਮੱਗਰੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਮਾਂਡਵੀਆ ਨੇ ਕਿਹਾ ਕਿ 2017 ਵਿਚ ਚੀਨ ਦੇ ਨਾਲ ਜਦੋਂ ਡੋਕਲਾਮ ਵਿਚ ਅੜਿੱਕਾ ਪਿਆ ਤਾਂ ਭਾਰਤ ਨੂੰ ਅਤਿ-ਜ਼ਰੂਰੀ ਫਾਰਮਾਂ ਤੱਤਾਂ ਦੇ ਸਬੰਧ ਵਿਚ ਆਪਣੀ ਤਿਆਰੀ ’ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਮਹਿਸੂਸ ਹੋਈ। ਭਾਰਤੀ ਪ੍ਰਬੰਧਕੀ ਸੰਸਥਾ (ਆਈਆਈਐੱਮ) ਅਹਿਮਦਾਬਾਦ ਵਿਚ ਕਰਵਾਏ ਗਏ ਇਲਾਜ ਸਬੰਧੀ ਸਿਖਰ ਸੰਮੇਲਨ ਦੇ ਉਦਘਾਟਨ ਸਮਾਗਮ ਵਿਚ ਬੋਲਦਿਆਂ ਮਾਂਡਵੀਆ ਨੇ ਇਹ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਏਪੀਆਈ ਦੀ ਦਰਾਮਦ ਲਈ ਭਾਰਤ ਸਿਰਫ਼ ਇੱਕ ਦੇਸ਼ ’ਤੇ ਨਿਰਭਰ ਸੀ।