ਭਾਜਪਾ ਮਗਰੋਂ ਹੁਣ ਅਕਾਲੀ ਦਲ ਵੱਲੋਂ ਵੀ ਖੁੱਲ੍ਹੀ ਬਹਿਸ ‘ਚ ਸ਼ਾਮਲ ਨਾ ਹੋਣ ਦਾ ਐਲਾਨ

Share on Social Media

ਐੱਸ.ਵਾਈ.ਐੱਲ. ਮੁੱਦੇ ਨੂੰ ਲੈ ਕੇ ਸਿਆਸੀ ਲੜਾਈ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 1 ਨਵੰਬਰ ਨੂੰ ਹੋਣ ਵਾਲੀ ਮਹਾਂ-ਡਿਬੇਟ ਦਾ ਹਿੱਸਾ ਨਹੀਂ ਬਣੇਗਾ। ਅਕਾਲੀ ਆਗੂ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਕੇਂਦਰ ਦੀ ਸਰਵੇ ਟੀਮ 1 ਨਵੰਬਰ ਨੂੰ ਪੰਜਾਬ ਆ ਰਹੀ ਹੈ। ਕੇਂਦਰ ਦੀ ਇਸ ਟੀਮ ਨੂੰ ਪੰਜਾਬ ‘ਚ ਐੱਸ.ਵਾਈ.ਐੱਲ. ਸਰਵੇਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੇਂਦਰ ਦੀਆਂ ਇਨ੍ਹਾਂ ਸਰਵੇ ਟੀਮਾਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਟੀਮਾਂ ਬਣਾਈਆਂ ਹਨ ਜੋ ਕੇਂਦਰ ਦੀਆਂ ਸਰਵੇ ਟੀਮਾਂ ਦਾ ਵਿਰੋਧ ਕਰਨਗੀਆਂ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਨਵੰਬਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। 1 ਨਵੰਬਰ ਨੂੰ ਲੁਧਿਆਣਾ ਵਿਖੇ ਪੀ.ਏ.ਯੂ. ‘ਚ ਖੁੱਲ੍ਹੀ ਬਹਿਸ ਲਈ ਜਗ੍ਹਾ ਬੁੱਕ ਕੀਤੀ ਗਈ ਹੈ। ਦੱਸ ਦੇਈਏ ਕਿ ਪਾਰਟੀ ਦੇ ਸਾਰੇ ਨੇਤਾਵਾਂ ਨੂੰ  ਮੁੱਖ ਮੰਤਰੀ ਮਾਨ ਨੇ ਖੁੱਲ੍ਹੀ ਚੁਣੌਤੀ ਦਿੱਤੀ ਹੈ, ਜਿਸ ‘ਚ ਕਈ ਅਹਿਮ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਹੋਵੇਗੀ।

ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵਿਰੋਧੀਆਂ ਨਾਲ ਖੁੱਲ੍ਹੀ ਬਹਿਸ ਦੀ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਗਈ ਹੈ। ਇਹ ਬਹਿਸ ਤੈਅ ਸਮੇਂ ਮਤਲਬ ਕਿ ਇਕ ਨਵੰਬਰ ਨੂੰ ਹੀ ਹੋਵੇਗੀ। ਇਹ ਬਹਿਸ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਦੀ ਬੁਕਿੰਗ ਕਰਵਾਈ ਗਈ ਹੈ।  ਦੱਸਿਆ ਜਾ ਰਿਹਾ ਹੈ ਕਿ ਬਹਿਸ ਦਾ ਸਮਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਲਈ ਟੈਗੋਰ ਥੀਏਟਰ ਦੀ ਬੁਕਿੰਗ ਕਰਵਾਈ ਸੀ ਪਰ ਟੈਗੋਰ ਥੀਏਟਰ ਸੁਸਾਇਟੀ ਨੇ ਇਸ ਲਈ ਨਾਂਹ ਕਰ ਦਿੱਤੀ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਰਨ ਚੰਡੀਗੜ੍ਹ ‘ਚ ਪੈਂਦੇ ਟੈਗੋਰ ਥੀਏਟ ਦੀ ਬੁਕਿੰਗ ‘ਚ ਕੋਈ ਅੜਿੱਕਾ ਪੈ ਸਕਦਾ ਹੈ, ਜਿਸ ਕਾਰਨ ਬਦਲਵੇਂ ਇੰਤਜ਼ਾਮ ਵੀ ਕੀਤੇ ਗਏ ਸਨ।