ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਨਾਜ ਯੋਜਨਾ ਸ਼ੁਰੂ ਕਰਨ ਦਾ ਦਾਅਵਾ ਕਰਕੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਚੁੱਘ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕੋਈ ਠੋਸ ਕੰਮ ਨਹੀਂ ਕੀਤਾ, ‘ਆਪ’ ਸਰਕਾਰ ਸਿਰਫ ਆਪਣੇ ਸਸਤੇ ਸਿਆਸੀ ਲਾਹੇ ਲਈ ਮੋਦੀ ਸਰਕਾਰ ਵੱਲੋਂ ਪਹਿਲਾਂ ਹੀ ਦਿੱਤੀਆਂ ਸਹੂਲਤਾਂ ਦਾ ਫਾਇਦਾ ਉਠਾ ਰਹੀ ਹੈ।
ਪੰਜਾਬ ‘ਚ ਲਗਭਗ 1.43 ਕਰੋੜ ਲੋਕਾਂ ਨੂੰ ਕੇਂਦਰ ਵੱਲੋਂ ਮੁਫਤ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪੂ ਹੋਲਡਰਾਂ ਦੀ ਗਿਣਤੀ ਪਹਿਲਾਂ ਹੀ ਲੋੜ ਤੋਂ ਕਿਤੇ ਵੱਧ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਵਿੱਚ ਭਗਵੰਤ ਮਾਨ ਸਰਕਾਰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖੇਡ ਅਸਲ ਵਿੱਚ ਆਪਣੇ ਸਿਆਸੀ ਵਰਕਰਾਂ ਨੂੰ ਡਿਪੂ ਹੋਲਡਰ ਬਣਾ ਕੇ ਰੱਖਣ ਦੀ ਹੈ।
ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਦਾ ਸਿਆਸੀ ਡਰਾਮਾ ਸਿਰਫ ਗਰੀਬ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਲਈ ਮੋਦੀ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਕੈਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੇ ਆਧਾਰ ‘ਤੇ ਆਪਣਾ ਅਕਸ ਉਸਾਰ ਰਹੀ ਹੈ।