ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਹੁਣ ਸੁਰੱਖਿਅਤ ਜ਼ੋਨ ’ਚ ਆ ਚੁੱਕਾ ਹੈ ਅਤੇ ਪਾਣੀ ਦੇ ਵਹਾਅ ਦੀ ਰਫ਼ਤਾਰ ਵੀ ਹੁਣ ਘੱਟ ਹੈ। ਜਿੰਨੇ ਵੀ ਪਿੰਡ ਪਾਣੀ ਦੇ ਮਾਰ ਹੇਠ ਆਏ ਸਨ, ਉਨ੍ਹਾਂ ਸਾਰਿਆਂ ’ਚ ਬਿਜਲੀ, ਰਾਸ਼ਨ ਅਤੇ ਪਾਣੀ ਦੀ ਸਹੂਲਤ ਪ੍ਰਭਾਵਿਤ ਲੋਕਾਂ ਤੱਕ ਲਗਾਤਾਰ ਪਹੁੰਚਾਈ ਗਈ। ਉਨ੍ਹਾਂ ਕਿਹਾ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪ੍ਰਭਾਵਿਤ ਪਿੰਡਾਂ ਵਿਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਦੇ ਲਈ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਵੀ ਲਗਾਤਾਰ ਲਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ ਤੋਂ ਸੁਚੇਤ ਰਿਹਾ ਜਾਵੇ ਪਰ ਨਦੀ ਅਤੇ ਦਰਿਆ ਕੰਢੇ ਵੱਸਦੇ ਪਿੰਡਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਜਾਂ ਜ਼ਮੀਨੀ ਪੱਧਰ ’ਤੇ ਤਾਇਨਾਤ ਕੀਤੇ ਕਰਮਚਾਰੀਆਂ ਦੇ ਧਿਆਨ ’ਚ ਲਿਆਂਦੀ ਜਾਵੇ।