ਭਵਾਨੀਗੜ੍ਹ ਸਮੇਤ ਡੇਢ ਦਰਜਨ ਤੋਂ ਵੱਧ ਪਿੰਡਾਂ ‘ਚ ਸੜੀ ਨਾੜ, ਮਾਮਲਾ ਦਰਜ

Share on Social Media

ਭਵਾਨੀਗੜ੍ਹ : ਕਿਸਾਨ ਆਪਣੇ ਖੇਤਾਂ ‘ਚ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ ਦੀ ਮਨਾਹੀ ਦੇ ਬਾਵਜੂਦ ਵੀ ਪਰਾਲੀ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ ਹੈ। ਸਥਾਨਕ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਡੇਢ ਦਰਜਨ ਤੋਂ ਵੱਧ ਪਿੰਡਾਂ ‘ਚ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਪੁਲਸ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਰਾਲੀ ਸਾੜਨ ਨੂੰ ਲੈ ਕੇ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਖੇਤਾਂ ‘ਚ ਅੱਗ ਲਾਉਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪ੍ਰਦੂਸ਼ਣ ਬੋਰਡ ਵੱਲੋਂ ਭਵਾਨੀਗੜ੍ਹ ਪੁਲਸ ਨੂੰ ਭੇਜੇ ਅੰਕੜਿਆਂ ਅਨੁਸਾਰ ਸਥਾਨਕ ਇਲਾਕੇ ਦੇ ਵੱਖ-ਵੱਖ ਪਿੰਡਾਂ ਆਲੋਅਰਖ, ਬਾਲਦ ਕਲਾਂ, ਬਾਲਦ ਖੁਰਦ, ਬਲਿਆਲ, ਭੱਟੀਵਾਲ ਕਲਾਂ, ਬੀੰਬੜ, ਮੱਟਰਾਂ, ਪੰਨਵਾਂ, ਫੱਗੂਵਾਲਾ ਤੋੰ ਇਲਾਵਾ ਰਾਮਗੜ੍ਹ, ਰਾਏ ਸਿੰਘ ਵਾਲਾ, ਬਾਸੀਅਰਕ, ਘਰਾਚੋਂ, ਝਨੇੜੀ, ਨਾਗਰਾ, ਰੇਤਗੜ੍ਹ, ਸਜੂੰਮਾ, ਸੰਘਰੇੜੀ ਆਦਿ ਦੇ ਖੇਤਾਂ ‘ਚ ਲੋਕਾਂ ਵੱਲੋਂ ਨਾੜ ਨੂੰ ਅੱਗ ਲਗਾਉਣਾ ਪਾਇਆ ਗਿਆ, ਜੋ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਹੈ। ਇਸ ਸਬੰਧੀ ਅਣਪਛਾਤੇ ਲੋਕਾਂ ਖ਼ਿਲਾਫ਼ ਭਵਾਨੀਗੜ੍ਹ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ।