ਪੰਜਾਬ ਦੀਆਂ ਸੜਕਾਂ ‘ਤੇ ਹੁੰਦੇ ਹਾਦਸਿਆਂ ਨੂੰ ਪਵੇਗੀ ਠੱਲ੍ਹ, CM ਮਾਨ ਨੇ ਪੁਲਸ ਨੂੰ ਦਿੱਤਾ ਖ਼ਾਸ ਤੋਹਫ਼ਾ

Share on Social Media

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜ਼ਿਲ੍ਹੇ ‘ਚ ‘ਸੜਕ ਸੁਰੱਖਿਆ ਫੋਰਸ’ ਲਈ ਪੰਜਾਬ ਪੁਲਸ ਨੂੰ ਹਾਈਟੈੱਕ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖ਼ੁਦ ਇਨ੍ਹਾਂ ਗੱਡੀਆਂ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਰੋਜ਼ਾਨਾ ਔਸਤਨ 14 ਮੌਤਾਂ ਹੋ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਪੰਜਾਬ ਪੁਲਸ ਦੇ ਮੋਢਿਆਂ ‘ਤੇ ਪਹਿਲਾਂ ਹੀ ਬਹੁਤ ਭਾਰ ਹੈ, ਇਸ ਲਈ ਸੜਕੀ ਹਾਦਸਿਆਂ ਬਾਰੇ ‘ਸੜਕ ਸੁਰੱਖਿਆ ਫੋਰਸ’ ਬਣਾਈ ਗਈ ਹੈ।

ਇਸ ਫੋਰਸ ਨੂੰ 129 ਹਾਈਟੈੱਕ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਗੱਡੀਆਂ ਦੇ ਨਾਲ ਐਂਬੂਲੈਂਸ ਅਤੇ ਰਿਕਵਰੀ ਵੈਨ ਵੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮਕਸਦ ਸੜਕ ਹਾਦਸਿਆਂ ਦੌਰਾਨ ਹੋਈਆਂ ਮੌਤਾਂ ਨੂੰ ਘਟਾਉਣਾ ਹੈ। ਉਕਤ ਗੱਡੀਆਂ ਲਈ 1500 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫੋਰਸ ਦਿਨ-ਰਾਤ ਕੰਮ ਕਰੇਗੀ ਅਤੇ ਮੁਲਾਜ਼ਮਾਂ ਨੂੰ ਇਸ ਬਾਰੇ ਟ੍ਰੇਨਿਗ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਸੜਕ ‘ਤੇ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਨੂੰ ਤਰੁੰਤ ਹਸਪਤਾਲ ਪਹੁੰਚਾਇਆ ਜਾਵੇ ਤਾਂ ਜੋ ਉਸ ਵਿਅਕਤੀ ਦੀ ਜਾਨ ਬਚ ਸਕੇ।