ਪੱਛਮੀ ਗੜਬੜੀ ਕਾਰਨ ਪੰਜਾਬ ਵਿਚ ਇਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦੱਸਿਆ ਗਿਆ ਹੈ ਕਿ ਮੀਂਹ ਦੇ ਬਾਵਜੂਦ ਤਾਪਮਾਨ ਵਿਚ ਜ਼ਿਆਦਾ ਫ਼ਰਕ ਨਹੀਂ ਪਵੇਗਾ। ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਅੱਜ ਰਾਤ ਦਿੱਲੀ-ਐੱਨ. ਸੀ. ਆਰ ਵਿਚ ਬੂੰਦਾਬਾਂਦੀ ਦੇ ਨਾਲ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਅਨੁਸਾਰ, ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਕੇਰਲ ਅਤੇ ਤਾਮਿਲਨਾਡੂ ’ਚ ਅੱਜ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਪੱਛਮੀ ਰਾਜਸਥਾਨ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਦਰਮਿਆਨੇ ਤੋਂ ਹਲਕੇ ਮੀਂਹ ਦੀ ਸੰਭਾਵਨਾ ਹੈ। ਆਈ. ਐੱਮ. ਡੀ ਅਨੁਸਾਰ ਦੱਖਣ-ਪੱਛਮੀ ਅਰਬ ਸਾਗਰ ਵਿਚ 125-135 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾ ਚੱਲਣ ਦੀ ਸੰਭਾਵਨਾ ਹੈ, ਜੋ ਕਿ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧ ਸਕਦੀ ਹੈ। ਜਦੋਂ ਕਿ ਪੱਛਮੀ ਮੱਧ ਅਰਬ ਸਾਗਰ ਵਿਚ ਤੂਫ਼ਾਨੀ ਹਵਾਵਾਂ (ਹਵਾ ਦੀ ਰਫ਼ਤਾਰ 110-120 ਕਿਲੋਮੀਟਰ ਪ੍ਰਤੀ ਘੰਟਾ ਤੋਂ 135 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦੀ ਸੰਭਾਵਨਾ ਹੈ।