ਪੰਜਾਬ ‘ਚ ਪਟਾਕਿਆਂ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਸਬੰਧੀ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

Share on Social Media

ਪੰਜਾਬ ‘ਚ ਆਉਣ ਵਾਲੇ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਲੋਕਾਂ ਵਲੋਂ ਪਟਾਕੇ ਚਲਾਏ ਜਾਣ ਨਾਲ ਮਰੀਜ਼ਾਂ ਅਤੇ ਬਜ਼ੁਰਗਾਂ ਆਦਿ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈਣ ਦੇ ਖਦਸ਼ਾ ਹੈ। ਇਸ ਨੂੰ ਭਾਂਪਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ‘ਗ੍ਰੀਨ ਪਟਾਕਿਆਂ’ ਦੀ ਵਿਕਰੀ ਅਤੇ ਵਰਤੋਂ ਨੂੰ ਨਿਯਮਿਤ ਕਰਨ ਅਤੇ ਸਬੰਧਿਤ ਦਿਨਾਂ ‘ਤੇ ਚਲਾਉਣ ਦੇ ਸਮੇਂ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਵਿਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ।

ਇਸ ਲਈ ਉਪਰੋਕਤ ਦੇ ਮੱਦੇਨਜ਼ਰ ਅਤੇ ਵਿਸਫੋਟਕ ਨਿਯਮ-2008 ਅਧੀਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿਚ ਲੜੀ ਵਾਲੇ ਪਟਾਕਿਆਂ ਦੇ ਨਿਰਮਾਣ, ਸਟਾਕਿੰਗ, ਵੰਡ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ। ਵਿਕਰੀ ਸਿਰਫ ਲਾਇਸੈਸਸ਼ੁਦਾ ਵਿਕਰੇਤਾਵਾਂ ਵਲੋਂ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਰਾਤ 8 ਤੋਂ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਸਵੇਰੇ 4 ਤੋਂ 5 ਵਜੇ ਤੱਕ ਅਤੇ ਰਾਤ 9 ਤੋਂ ਰਾਤ 10 ਵਜੇ ਤੱਕ, ਕ੍ਰਿਸਮਸ ਨੂੰ ਰਾਤ 11.55 ਤੋਂ 12.30 ਵਜੇ ਤੱਕ ਅਤੇ ਨਵੇਂ ਸਾਲ ਨੂੰ ਰਾਤ 11.55 ਤੋਂ 12.30 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ।