ਪ੍ਰੇਮ ਸੰਬੰਧਾਂ ’ਚ ਅੰਨ੍ਹੀ ਹੋਈ ਪਤਨੀ ਨੇ ਹੱਥੀਂ ਉਜਾੜਿਆ ਘਰ, ਆਸ਼ਕ ਨਾਲ ਮਿਲ ਪਤੀ ਦਾ ਕੀਤਾ ਕਤਲ

Share on Social Media

ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਗੁਰਨਾਮ ਸਿੰਘ ਦੀ ਅਗਵਾਈ ਹੇਠ ਸ਼ੰਭੂ ਵਿਖੇ ਹੋਏ ਟੇਲਰ ਮਾਸਟਰ ਦੇ ਕਤਲ ਦਾ ਪਰਦਾਫਾਸ਼ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਵਿਖੇ ਟੇਲਰ ਮਾਸਟਰ ਲਛਮਣ ਸਿੰਘ ਦਾ ਤੇਜ਼ਧਾਰ ਹਥਿਆਰ (ਦਾਤਰ) ਨਾਲ ਸੱਟਾਂ ਮਾਰ ਕੇ ਕਤਲ ਹੋਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਤਲ ਕੇਸ ਨੂੰ ਟਰੇਸ ਕਰਨ ਲਈ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਘਨੌਰ ਦਲਬੀਰ ਸਿੰਘ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ: ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਗੁਰਨਾਮ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਤਫਤੀਸ਼ ਦੌਰਾਨ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੇ ਹੋਏ ਟੇਲਰ ਮਾਸਟਰ ਲਛਮਣ ਸਿੰਘ ਦੇ ਕਤਲ ਦਾ ਪਰਦਾਫਾਸ਼ ਕਰ ਕੇ ਵਾਰਦਾਤ ’ਚ ਸ਼ਾਮਲ ਗੁਲਜਾਰ ਸਿੰਘ ਉਰਫ ਗਾਰੀ ਪੁੱਤਰ ਸਾਧੂ ਸਿੰਘ ਵਾਸੀ ਸਲੇਮਪੁਰ ਸੇਖਾਂ ਅਤੇ ਪਰਮਜੀਤ ਕੌਰ ਪਤਨੀ ਮ੍ਰਿਤਕ ਲਛਮਣ ਸਿੰਘ ਵਾਸੀ ਸਲੇਮਪੁਰ ਸੇਖਾਂ ਥਾਣਾ ਸ਼ੰਭੂ ਜ਼ਿਲਾ ਪਟਿਆਲਾ ਨੂੰ ਬਾਂਸਮਾ ਤੇਪਲਾ ਬਨੂਡ਼ ਰੋਡ ਤੋਂ ਗ੍ਰਿਫਤਾਰ ਕਰ ਲਿਆ। ਡੀ. ਐੱਸ. ਪੀ. ਰੰਧਾਵਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਗੁਲਜਾਰ ਸਿੰਘ ਉਰਫ ਗਾਰੀ ਤੋਂ ਵਾਰਦਾਤ ਸਮੇਂ ਵਰਤਿਆ ਤੇਜ਼ਧਾਰ ਹਥਿਆਰ (ਦਾਤਰ) ਬਰਾਮਦ ਕਰ ਲਿਆ ਗਿਆ ਹੈ।

ਡੀ. ਐੱਸ. ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਦੱਸਿਆ ਕਿ ਕਰਮ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਸਲੇਮਪੁਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਪਿਤਾ ਲਛਮਣ ਸਿੰਘ ਆਪਣੇ ਘਰ ’ਚ ਬਣੀ ਦੁਕਾਨ ’ਚ ਜੈਂਟਸ ਟੇਲਰ ਕੰਮ ਕਰਦਾ ਹੈ। ਜਦੋਂ 29 ਅਕਤੂਬਰ ਨੂੰ ਲਛਮਣ ਸਿੰਘ ਆਪਣੇ ਘਰ ਸੁੱਤਾ ਪਿਆ ਸੀ ਤਾਂ ਰਾਤ ਨੂੰ ਅਣਪਛਾਤੇ ਕਿਸੇ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਲਛਮਣ ਸਿੰਘ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੇਸ ਦੀ ਤਫਤੀਸ਼ ਦੌਰਾਨ ਕੁਝ ਅਹਿਮ ਤੱਥ ਸਾਹਮਣੇ ਆਏ ਕਿ ਮ੍ਰਿਤਕ ਲਛਮਣ ਸਿੰਘ ਅਤੇ ਗੁਲਜਾਰ ਸਿੰਘ ਉਰਫ ਗਾਰੀ ਦੋਵੇਂ ਹੀ ਸ਼ਾਦੀਸ਼ੁਦਾ ਅਤੇ ਬਾਲ-ਬੱਚੇਦਾਰ ਹਨ, ਜਿਨ੍ਹਾਂ ਦੇ ਅੱਗੇ ਬੱਚੇ ਵੀ ਸ਼ਾਦੀਸ਼ੁਦਾ ਹਨ। ਮ੍ਰਿਤਕ ਲਛਮਣ ਸਿੰਘ ਜੋ ਕਿ ਘਰ ’ਚ ਕੱਪਡ਼ੇ ਸਿਉਣ ਦਾ ਕੰਮ ਕਰਦਾ ਸੀ ਅਤੇ ਗੁਲਜਾਰ ਸਿੰਘ ਉਰਫ ਗਾਰੀ ਲੇਬਰ ਦਾ ਕੰਮ ਕਰਦਾ ਰਿਹਾ ਹੈ। ਲਛਮਣ ਸਿੰਘ ਅਤੇ ਗੁਲਜਾਰ ਸਿੰਘ ਉਰਫ ਗਾਰੀ ਗੁਆਂਢੀ ਹਨ, ਜਿਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣ-ਜਾਣਾ ਸੀ। ਗੁਲਜਾਰ ਸਿੰਘ ਉਰਫ ਗਾਰੀ ਦੇ ਮ੍ਰਿਤਕ ਲਛਮਣ ਸਿੰਘ ਦੀ ਘਰਵਾਲੀ ਪਰਮਜੀਤ ਕੌਰ ਨਾਲ ਪ੍ਰੇਮ ਸਬੰਧ ਸਾਲ 2006 ਤੋਂ ਸਨ, ਜਿਨ੍ਹਾਂ ਬਾਰੇ ਮ੍ਰਿਤਕ ਦੇ ਪਰਿਵਾਰ ਅਤੇ ਗੁਲਜਾਰ ਸਿੰਘ ਉਰਫ ਗਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ।

ਪਰਿਵਾਰਕ ਮੈਂਬਰਾਂ ਅਤੇ ਮੋਹਤਬਰ ਵਿਅਕਤੀਆਂ ਨੇ ਅਜਿਹਾ ਕਰਨ ’ਤੇ ਗੁਲਜਾਰ ਸਿੰਘ ਉਰਫ ਗਾਰੀ ਅਤੇ ਪਰਮਜੀਤ ਕੌਰ ਨੂੰ ਰੋਕਿਆ ਸੀ ਪਰ ਇਹ ਦੋਵੇਂ ਜਣੇ ਨਹੀਂ ਹਟੇ। ਸਾਲ 2022 ਤੋਂ ਗੁਲਜਾਰ ਸਿੰਘ ਉਰਫ ਗਾਰੀ ਅਤੇ ਪਰਮਜੀਤ ਕੌਰ ਦੋਵੇਂ ਘਰੋਂ ਭੱਜ ਕੇ ਬਨੂੜ ’ਚ ਰਹਿਣ ਲੱਗ ਪਏ ਸੀ। ਜਦੋਂ ਮ੍ਰਿਤਕ ਲਛਮਣ ਸਿੰਘ ਅਤੇ ਇਸ ਦੇ ਪਰਿਵਾਰ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਕਰੀਬ 5-6 ਮਹੀਨੇ ਪਹਿਲਾਂ ਪਰਮਜੀਤ ਕੌਰ ਨੂੰ ਆਪਣੇ ਘਰ ਪਿੰਡ ਸਲੇਮਪੁਰ ਸੇਖਾਂ ਲੈ ਆਏ ਸੀ। ਹੁਣ ਕਈ ਮਹੀਨਿਆਂ ਤੋਂ ਗੁਲਜਾਰ ਸਿੰਘ ਉਰਫ ਗਾਰੀ ਅਤੇ ਪਰਮਜੀਤ ਕੌਰ ਦੋਵੇਂ ਜਣੇ ਆਪਣੇ ਪ੍ਰੇਮ ਸਬੰਧਾਂ ’ਚ ਮ੍ਰਿਤਕ ਲਛਮਣ ਸਿੰਘ ਨੂੰ ਰੋੜਾ ਸਮਝਦੇ ਸਨ, ਜਿਸ ਕਰ ਕੇ ਇਨ੍ਹਾਂ ਵੱਲੋਂ ਇਕ ਸਾਜ਼ਿਸ਼ ਤਹਿਤ ਦੋਵਾਂ ਨੇ ਰਲ ਕੇ ਲਛਮਣ ਸਿੰਘ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।