ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ‘ਚ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਜਿੱਤਿਆ ਸੋਨ ਤਮਗਾ

Share on Social Media

ਮੌਜੂਦਾ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇੱਥੇ ਹਾਂਗਜ਼ੂ ਏਸ਼ੀਆਈ ਪੈਰਾ ਖੇਡਾਂ ਵਿੱਚ ਜੈਵਲਿਨ ਥਰੋਅ ਐਫ64 ਈਵੈਂਟ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਗ਼ਮਾ ਜਿੱਤਿਆ। 25 ਸਾਲਾ ਸੁਮਿਤ ਨੇ 73.29 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ। ਉਸਨੇ 70.83 ਮੀਟਰ ਦੇ ਆਪਣੇ ਵਿਸ਼ਵ ਰਿਕਾਰਡ ਵਿੱਚ ਸੁਧਾਰ ਕੀਤਾ ਜੋ ਉਸਨੇ ਇਸ ਸਾਲ ਪੈਰਿਸ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਸਮੇਂ ਕਾਇਮ ਕੀਤਾ ਸੀ।

ਇਸੇ ਈਵੈਂਟ ਵਿੱਚ ਇੱਕ ਹੋਰ ਭਾਰਤੀ ਪੁਸ਼ਪੇਂਦਰ ਸਿੰਘ ਨੇ 60.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਸ੍ਰੀਲੰਕਾ ਦੇ ਸਮਿਤਾ ਅਰਾਚਿਗੇ ਕੋਡਿਥੁਵਾਕੂ (64.09) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਸੁਮਿਤ ਨੇ ਟੋਕੀਓ ਪੈਰਾਲੰਪਿਕ ਦੇ ਪੁਰਸ਼ਾਂ ਦੇ ਜੈਵਲਿਨ ਥਰੋਅ F64 ਈਵੈਂਟ ਵਿੱਚ 68.55 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ ਸੀ, ਜੋ ਉਸ ਸਮੇਂ ਦਾ ਵਿਸ਼ਵ ਰਿਕਾਰਡ ਸੀ। ਚੱਲ ਰਹੀਆਂ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ‘ਚ ਇਹ ਭਾਰਤ ਦਾ 10ਵਾਂ ਸੋਨ ਤਗਮਾ ਹੈ ਜਦਕਿ ਇਸ ਦੇ ਕੁੱਲ ਤਮਗਿਆਂ ਦੀ ਗਿਣਤੀ 36 ਹੋ ਗਈ ਹੈ।