ਮਨਾਲੀ ਵਿਚ ਹਾਦਸਾਗ੍ਰਸਤ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਪਹਿਲਾਂ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਡਰਾਈਵਰ ਦੀ ਪਛਾਣ ਸਤਗੁਰ ਸਿੰਘ ਪਾਤੜਾਂ ਨੇੜਲੇ ਪਿੰਡ ਰਾਏਧਰਾਣਾ ਅਤੇ ਕੰਡਕਟਰ ਜਗਸੀਰ ਸਿੰਘ ਪਿੰਡ ਖੇੜੀਵਰਨਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਪੀ. ਆਰ. ਟੀ. ਸੀ. ਦੀ ਬੱਸ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਮਨਾਲੀ ਗਈ ਸੀ। ਜਿਸ ਤੋਂ ਬਾਅਦ ਇਹ ਬੱਸ 8 ਤੋਂ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਮਨਾਲੀ ਪਹੁੰਚੀ ਸੀ। ਇਥੇ ਪਹੁੰਚ ਕੇ ਡਰਾਈਵਰ ਨੇ ਬੱਸ ਨੂੰ ਮਨਾਲੀ ਦੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਸੀ। ਇਸ ਸਮੇਂ ਪੂਰੇ ਸੂਬੇ ਦੇ ਨਾਲ-ਨਾਲ ਮਨਾਲੀ ‘ਚ ਵੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਪੀ. ਆਰ. ਟੀ. ਸੀ. ਦੀ ਇਹ ਬੱਸ ਵੀ ਬਿਆਸ ਦਰਿਆ ਵਿੱਚ ਹੜ੍ਹ ਆਉਣ ਕਾਰਨ ਰੁੜ੍ਹ ਗਈ ਸੀ। ਇਸ ਬੱਸ ਵਿਚ ਕਰੀਬ 8 ਸਵਾਰੀਆਂ ਸਨ। ਹਾਲਾਂਕਿ ਬੱਸ ਵਿਚ ਇਨ੍ਹਾਂ ਸਵਾਰੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਮਿਲ ਗਈ ਸੀ ਅਤੇ ਹੁਣ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦੋਵਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।