ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ ਇਕ ਔਰਤ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਬਨਦੀਪ ਸਿੰਘ ਡੀਐਸਪੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਵਰਿੰਦਰ ਸਿੰਘ ਥਾਣਾ ਮੁਖੀ ਸੁਲਤਨਾਪੁਰ ਲੋਧੀ ਦੀ ਅਗਵਾਈ ਹੇਠ ਏਐੱਸਆਈ ਕਸ਼ਮੀਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਸਬੰਧੀ ਪਿੰਡ ਲਾਟੀਆਂਵਾਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਮੇਜ ਕੌਰ ਉਰਫ ਗੇਜੋ ਪਤਨੀ ਨਿਰਵੈਰ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਘਰ ਵਿਚ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦੀ ਹੈ। ਉਸ ਨੇ ਅੱਜ ਵੀ ਲਾਹਣ ਪਾਈ ਹੋਈ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਨਾਜਾਇਜ਼ ਸ਼ਰਾਬ ਅਤੇ ਲਾਹਣ ਸਮੇਤ ਕਾਬੂ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁਖਬਰ ਖਾਸ ਵੱਲੋਂ ਦੱਸੀ ਜਗ੍ਹਾ ‘ਤੇ ਰੇਡ ਕਰਨ ਤੇ ਗੁਰਮੇਜ ਕੌਰ ਪਾਸੋਂ 24,000 ਮਿ.ਲੀ. ਨਾਜਾਇਜ਼ ਸ਼ਰਾਬ ਅਤੇ 110 ਲੀਟਰ ਲਾਹਣ ਬਰਾਮਦ ਹੋਈ। ਇਸ ‘ਤੇ ਮੁਕੱਦਮਾ ਨੰਬਰ 132 ਮਿਤੀ 04.07.2023 ਅਬ 61-1-14 ਐਕਸਾਈਜ਼ ਐਕਟ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰ ਕੇ ਜੇਲ੍ਹ ਭੇਜਿਆ ਗਿਆ ਹੈ।