ਨਸ਼ੇ ਅਤੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਐਕਸ਼ਨ ਦੀ ਤਿਆਰੀ, ਰਾਜਪਾਲ ਨੇ ਦੱਸੀ ਸਾਰੀ ਯੋਜਨਾਬੰਦੀ

Share on Social Media

ਪੰਜਾਬ ਪੁਲਸ ਸਮੇਤ ਦੇਸ਼ ਦੀ ਸੁਰੱਖਿਆ ਵਿਚ ਲੱਗੀਆਂ ਸਾਰੀਆਂ ਏਜੰਸੀਆਂ ਦੇ ਪੰਜਾਬ ਮੁਖੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸਥਾਰਤ ਮੀਟਿੰਗ ਕਰਨ ਮਗਰੋਂ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਦੱਸਿਆ ਕਿ ਰਾਜ ਵਿਚ ਪੁਲਸ ਤੇ ਸੁਰੱਖਿਆ ਏਜੰਸੀਆਂ ਵਿਚ ਬਿਹਤਰ ਤਾਲਮੇਲ ਹੋਣ ਨਾਲ ਨਸ਼ੇ ਦੀ ਬਰਾਮਦਗੀ 50 ਫੀਸਦੀ ਤੱਕ ਵਧੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਅੱਗੇ ਡਰੋਨ ਨਾਲ ਹੋ ਰਹੀ ਸਮਗਲਿੰਗ ਦੀ ਵੱਡੀ ਚੁਣੌਤੀ ਆਈ ਹੈ, ਜਿਸ ਨਾਲ ਨਿਜੱਠਣ ਲਈ ਸਰਹੱਦੀ ਪੱਟੀ ਉੱਤੇ ਐਂਟੀ ਡਰੋਨ ਸਿਸਟਮ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਦੇ 15 ਕਿਲੋਮੀਟਰ ਘੇਰੇ ਅੰਦਰ ਬਣਾਈਆਂ ਗਈਆਂ ਸੁਰੱਖਿਆ ਕਮੇਟੀਆਂ ਦੀ ਕਾਮਯਾਬੀ ਤੋਂ ਬਾਅਦ ਪੂਰੇ ਰਾਜ ਵਿਚ ਅਜਿਹੀਆਂ ਨਾਗਰਿਕ ਸੁਰੱਖਿਆ ਕਮੇਟੀਆਂ ਬਨਾਉਣ ਦੀ ਹਦਾਇਤ ਮੁੱਖ ਸਕੱਤਰ ਪੰਜਾਬ ਨੂੰ ਕੀਤੀ ਗਈ ਹੈ, ਜੋ ਉਨ੍ਹਾਂ ਨੇ ਪ੍ਰਵਾਨ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਦੇ ਪਿੰਡਾਂ ਵਿਚ 21 ਮੈਂਬਰੀ ਸੁਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਕਿ ਨਸ਼ੇ ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਖਾਤਮੇ ਲਈ ਕੰਮ ਕਰਨਗੀਆਂ।