ਦੀਵਾਲੀ ਦੇ ਮੌਕੇ ਜਿੱਥੇ ਲੋਕ ਖੁਸ਼ੀਆਂ ਨਾਲ ਤਿਉਹਾਰ ਮਨਾਉਂਦੇ ਹਨ, ਉੱਥੇ ਹੀ ਕਈ ਲੋਕ ਇਸ ਦਿਨ ਵੀ ਲੜਾਈ ਝਗੜੇ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹੇ ਤੋਂ, ਜਿੱਥੇ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ‘ਚ ਲੜਾਈ ਹੋ ਗਈ ਤੇ ਉਨ੍ਹਾਂ ਦਾ ਬਚ-ਬਚਾਅ ਕਰਾ ਰਹੇ ਇਕ ਬਜ਼ੁਰਗ ਦੀ ਮੌਤ ਹੋ ਗਈ।
ਮੋਗਾ ਜ਼ਿਲ੍ਹੇ ਦੇ ਪਿੰਡ ਰਣੀਆ ਦੇ ਸੁਖਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪਟਾਕੇ ਦਿਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਇਕ ਵਿਅਕਤੀ ਨੇ ਉਸ ‘ਤੇ ਪਟਾਕਾ ਸੁੱਟ ਦਿੱਤਾ। ਜਦੋਂ ਉਸ ਨੇ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਉਸ ਨਾਲ ਲੜਾਈ-ਝਗੜਾ ਕਰਨ ਲਗ ਪਿਆ। ਜਦੋਂ ਉਹ ਆਪਣੇ ਘਰ ਕੋਲ ਪੁੱਜਾ ਤਾਂ ਉਕਤ ਵਿਅਕਤੀ ਨੇ ਹੋਰਾਂ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ ਤੇ ਉਸ ਦੇ ਪਿਤਾ ਬਚਾਅ ਕਰਨ ਲਈ ਵਿਚਾਲੇ ਆ ਗਏ। ਇਨ੍ਹਾਂ ਵਿਅਕਤੀਆਂ ਨੇ ਪਿਤਾ ਦੀ ਉਮਰ ਦਾ ਵੀ ਲਿਹਾਜ਼ ਨਾ ਕੀਤਾ ਤੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।