ਤਿਉਹਾਰਾਂ ਮੌਕੇ ਪੰਜਾਬ ਪੁਲਸ ਵੱਲੋਂ ਨਾਕਾਬੰਦੀ ਕਰਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਨਾਭਾ ਸਦਰ ਪੁਲਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦੋਂ ਲਾਰੈਂਸ ਬਿਸ਼ਨੋਈ ਦੇ ਮੈਂਬਰ ਸ਼ੁਭਮ ਸਰੋਆ ਉਰਫ ਬਿੱਲੂ ਕੋਲੋਂ ਨਾਕੇਬੰਦੀ ਦੌਰਾਨ 32 ਬੋਰ ਦੇ 2 ਪਿਸਟਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਸ਼ੁਭਮ ਨੇ ਇਹ ਅਸਲਾ ਬੌਬੀ ਨਾਂ ਦੀ ਵਿਅਕਤੀ ਨੂੰ ਦੇਣਾ ਸੀ ਅਤੇ ਇਹ ਵੱਡੀ ਵਾਰਦਾਤ ਦੀ ਤਾਕ ਵਿੱਚ ਸਨ।
ਗ੍ਰਿਫ਼ਤਾਰ ਮੁਲਜ਼ਮ ਸ਼ੁਭਮ ਸਰੋਆ ਉਰਫ ਬਿੱਲੂ ‘ਤੇ ਅਲੱਗ-ਅਲੱਗ ਸ਼ਹਿਰਾਂ ‘ਚ ਕਰੀਬ 6 ਮਾਮਲੇ ਦਰਜ ਹਨ। ਇਹ ਬੀਤੇ ਸਮੇਂ ਦੌਰਾਨ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਨਜ਼ਰਬੰਦ ਸੀ ਅਤੇ ਉੱਥੇ ਇਸ ਦੀ ਮੁਲਾਕਾਤ ਦੀਪੂ ਬਨੂੜ ਨਾਲ ਮੁਲਾਕਾਤ ਹੋਈ, ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਜਦੋਂ ਸ਼ੁਭਮ ਜੇਲ੍ਹ ‘ਚੋਂ ਬਾਹਰ ਆਇਆ ਤਾਂ ਲਾਰੈਂਸ ਬਿਸ਼ਨੋਈ ਮੈਂਬਰ ਦੇ ਲਈ ਕੰਮ ਕਰਨ ਲੱਗਾ ਪਰ ਪੁਲਸ ਨੇ ਇਸ ਨੂੰ ਉਦੋਂ ਧਰ ਦਬੋਚਿਆ, ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਕੋਲੋਂ 32 ਬੋਰ ਦੇ 2 ਪਿਸਟਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ‘ਤੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ। ਨਾਭਾ ਸਦਰ ਥਾਣਾ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਸ਼ੁਭਮ ਸਰੋਆ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।