ਟੋਰਾਂਟੋ- ਟੋਰਾਂਟੋ ਪੁਲਸ ਨੇ ਸ਼ਹਿਰ ਦੇ ਵਸਨੀਕਾਂ ਦੇ ਚੋਰੀ ਹੋਏ ਅੰਦਾਜ਼ਨ 60 ਮਿਲੀਅਨ ਡਾਲਰ ਮੁੱਲ ਦੇ 1,000 ਤੋਂ ਵੱਧ ਵਾਹਨ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਨਾਲ ਵਾਹਨ ਚੋਰੀ ਦੀ ਲਗਭਗ ਸਾਲ ਭਰ ਚੱਲੀ ਜਾਂਚ ਸਮਾਪਤ ਹੋ ਗਈ। ਟੋਰਾਂਟੋ ਪੁਲਸ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਈਟੋਬੀਕੋਕ ਵਿੱਚ ਟੋਰਾਂਟੋ ਪੁਲਸ ਕਾਲਜ ਵਿੱਚ ਬੁੱਧਵਾਰ ਦੁਪਹਿਰ ਇੱਕ ਨਿਊਜ਼ ਕਾਨਫਰੰਸ ਦੌਰਾਨ, ਟੋਰਾਂਟੋ ਪੁਲਸ ਦੇ ਮੁਖੀ ਮਾਈਰਨ ਡੈਮਕੀਵ ਨੇ ਦੱਸਿਆ ਕਿ ਇਸ ਨੂੰ ‘ਪ੍ਰੋਜੈਕਟ ਸਟੈਲੀਅਨ’ ਦਾ ਨਾਮ ਦਿੱਤਾ ਗਿਆ ਸੀ ਅਤੇ ਇਸ ਨੂੰ ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ ਜਾਂਚ 24 ਸਤੰਬਰ 2023 ਨੂੰ ਸਮਾਪਤ ਹੋਈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਨਤੀਜੇ ਵਜੋਂ 228 ਲੋਕਾਂ ਦੇ ਖਿਲਾਫ 553 ਦੋਸ਼ ਵੀ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 20 ਦੀ ਉਮਰ 18 ਸਾਲ ਤੋਂ ਘੱਟ ਹੈ। ਸੁਪਰਡੈਂਟ ਰੌਨ ਟੈਵਰਨਰ ਨੇ ਕਿਹਾ, “ਇਹ ਨਤੀਜੇ ਦਰਸਾਉਂਦੇ ਹਨ ਕਿ ਅਸੀਂ ਇਸ ਮੁੱਦੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਾਂ।” ਟੋਰਾਂਟੋ ਵਿੱਚ 2023 ਵਿੱਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਇਕੱਲੇ 2 ਪੁਲਸ ਡਿਵੀਜ਼ਨਾਂ ਈਟੋਬੀਕੋਕ ਅਤੇ ਉੱਤਰੀ ਪੱਛਮੀ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਪੁਲਸ ਨੇ ਕਿਹਾ ਕਿ ਵਾਹਨ, ਘਰਾਂ ਦੇ ਡਰਾਈਵਵੇਅ, ਹੋਟਲ ਅਤੇ ਏਅਰਪੋਰਟ ਪਾਰਕਿੰਗ ਸਥਾਨਾਂ ਅਤੇ ਵੁੱਡਬਾਈਨ ਕੈਸੀਨੋ ਵਰਗੇ ਸਥਾਨਕ ਆਕਰਸ਼ਣਾਂ ਤੋਂ ਚੋਰੀ ਕੀਤੇ ਗਏ ਸਨ।