ਜਲੰਧਰ ਨਗਰ ਨਿਗਮ ਦੀ ਲਿਫ਼ਟ ’ਚ ਹੋਇਆ ਜ਼ੋਰਦਾਰ ਧਮਾਕਾ, ਮਚੀ ਹਫ਼ੜਾ-ਦਫ਼ੜੀ

Share on Social Media

ਜਲੰਧਰ – ਜਲੰਧਰ ਨਗਰ ਨਿਗਮ ਦਫ਼ਤਰ ਦੀ ਲਿਫ਼ਟ ’ਚ ਸ਼ੁੱਕਰਵਾਰ ਜ਼ੋਰਦਾਰ ਧਮਾਕਾ ਹੋਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਲਿਫ਼ਟ ਹੇਠਾਂ ਡਿੱਗ ਗਈ ਹੋਵੇ ਪਰ ਖੁਸ਼-ਕਿਸਮਤੀ ਨਾਲ ਲਿਫ਼ਟ ’ਚ ਕੋਈ ਮੌਜੂਦ ਨਹੀਂ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਫ਼ਤਰਾਂ ’ਚ ਬੈਠੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਨਿਗਮ ਦਫ਼ਤਰ ਦੇ ਹੇਠਾਂ ਲੋਕਾਂ ਦਾ ਇਕੱਠ ਸ਼ੁਰੂ ਹੋ ਗਿਆ। ਨਿਗਮ ’ਚ ਤਾਇਨਾਤ ਪੁਲਸ ਮੁਲਾਜ਼ਮ ਅਤੇ ਹੋਰ ਲੋਕ ਲਿਫ਼ਟ ਵੱਲ ਭੱਜੇ। ਲੰਮੀ ਕੋਸ਼ਿਸ਼ ਤੋਂ ਬਾਅਦ ਲਿਫ਼ਟ ਨੂੰ ਖੋਲ੍ਹਿਆ ਗਿਆ।

ਲਿਫ਼ਟ ਨੂੰ ਖੁੱਲ੍ਹਣ ’ਚ ਜਿੰਨਾ ਸਮਾਂ ਲੱਗਾ, ਲੋਕ ਸਾਹ ਰੋਕ ਕੇ ਬੈਠੇ ਰਹੇ। ਜ਼ੋਨਲ ਕਮਿਸ਼ਨਰ ਰਾਜੇਸ਼ ਖੋਖਰ ਸਮੇਤ ਕਈ ਅਧਿਕਾਰੀਆਂ ਨੇ ਮੁਆਇਨਾ ਕੀਤਾ। ਇਸ ਦੌਰਾਨ ਲਿਫ਼ਟ ਦੇ ਅੰਦਰ ਇਕ ਕਬੂਤਰ ਵੇਖਿਆ ਗਿਆ। ਲਿਫ਼ਟ ਖੋਲ੍ਹਣ ਵਾਲੇ ਇਲੈਕਟ੍ਰੀਸ਼ੀਅਨ ਨੇ ਦੱਸਿਆ ਕਿ ਧਮਾਕਾ ਤਾਰਾਂ ’ਚ ਕਬੂਤਰ ਦੇ ਫਸਣ ਕਾਰਨ ਹੋਇਆ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਲਿਫ਼ਟ ਚੈਨਲ ਦੇ ਟੁੱਟਣ ਕਾਰਨ ਹੋਇਆ ਜਾਪਦਾ ਹੈ। ਲਿਫਟਮੈਨ ਦੀ ਪੱਕੀ ਨਿਯੁਕਤੀ ਬਾਰੇ ਪੁੱਛੇ ਜਾਣ ’ਤੇ ਜ਼ੋਨਲ ਕਮਿਸ਼ਨਰ ਖੋਖਰ ਨੇ ਕਿਹਾ ਕਿ ਇਸ ਬਾਰੇ ਸਬੰਧਤ ਸੁਪਰਡੈਂਟ ਇੰਚਾਰਜ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਇਹੀ ਲਿਫ਼ਟ ਵਰਤਦੇ ਹਨ ਅਤੇ ਇਹ ਠੀਕ ਹੈ।