ਜਲੰਧਰ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

Share on Social Media

ਜਲੰਧਰ – ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਅਦਾਲਤ ਨੇ ਸ਼ੀਤਲ ਅੰਗੁਰਾਲ ਦੇ ਸਾਰੇ ਜ਼ਮਾਨਤ ਮੁਚੱਲਕੇ ਵੀ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਹੁਕਮਾਂ ਤਹਿਤ 24 ਅਗਸਤ ਨੂੰ ਸ਼ੀਤਲ ਅੰਗੁਰਾਲ ਨੂੰ ਗ੍ਰਿਫ਼ਤਾਰ ਕਰਕੇ ਗ਼ੈਰ-ਜ਼ਮਾਨਤੀ ਵਾਰੰਟ ਲੈ ਕੇ ਪੇਸ਼ ਕਰਨ ਲਈ ਕਿਹਾ ਗਿਆ ਹੈ।

ਸੀ. ਜੇ. ਐੱਮ. ਮਾਨਯੋਗ ਅਮਿਤ ਕੁਮਾਰ ਗਰਗ ਵੱਲੋਂ ਜਾਰੀ ਹੁਕਮਾਂ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਬਾਰੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਲਈ ਵਾਰ-ਵਾਰ ਅਰਜ਼ੀਆਂ ਦੇ ਰਹੇ ਹਨ ਪਰ ਹਰ ਵਾਰ ਹਰ ਤਾਰੀਖ਼ ਤੋਂ ਜੇਕਰ ਸ਼ੀਤਲ ਅੰਗੁਰਾਲ ਨੂੰ ਅਦਾਲਤ ਵੱਲੋਂ ਰਾਹਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਸਮਾਜ ਪ੍ਰਤੀ ਗਲਤ ਸੰਦੇਸ਼ ਜਾਵੇਗਾ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ 6 ਜੂਨ 2022 ਨੂੰ ਸ਼ੀਤਲ ਅੰਗੁਰਾਲ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ ਪਰ ਉਸ ਤੋਂ ਬਾਅਦ ਹਰ ਤਾਰੀਖ਼ ਨੂੰ ਪੇਸ਼ੀ ਤੋਂ ਰਾਹਤ ਲਈ ਅਰਜ਼ੀਆਂ ਆਉਂਦੀਆਂ ਰਹੀਆਂ। ਇਸ ਤੋਂ ਇਲਾਵਾ ਸ਼ੀਤਲ ਅੰਗੁਰਾਲ ‘ਤੇ ਇੰਗਲੈਂਡ ਜਾਣ ਦਾ ਵੀ ਬਿਨਾਂ ਅਦਾਲਤ ਨੂੰ ਸੂਚਨਾ ਦਿੱਤੇ ਜਾਣ ਦੇ ਵੀ ਦੋਸ਼ ਹਨ, ਜਿਸ ਸਬੰਧੀ ਅਦਾਲਤ ‘ਚ ਸ਼ਿਕਾਇਤ ਵੀ ਕੀਤੀ ਗਈ ਹੈ।