ਜਨਮ ਦਿਨ ਮੌਕੇ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ, ਗੁਰਦੁਆਰੇ ’ਚ ਟੇਕਿਆ ਮੱਥਾ, ਕੁਰਸੀ ਛੱਡ ਸੰਗਤ ’ਚ ਬੈਠੇ

Share on Social Media

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਨਮ ਦਿਨ ਮੌਕੇ ਪਰਿਾਵਰ ਸਮੇਤ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਆਪਣੀ ਕੁਰਸੀ ਛੱਡ ਕੇ ਸੰਗਤ ’ਚ ਬੈਠੇ ਅਤੇ ਸੰਗਤ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕੋਈ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਤੁਹਾਡਾ ਪੁੱਤ ਅਤੇ ਛੋਟਾ ਭਰਾ ਬਣ ਕੇ ਆਇਆ ਹਾਂ। ਸਿਆਣੇ ਕਹਿੰਦੇ ਹਨ ਕਿ ਬੰਦਾ ਜਿੰਨੇ ਮਰਜ਼ੀ ਵੱਡੇ ਅਹੁਦੇ ’ਤੇ ਪਹੁੰਚ ਜਾਵੇ ਉਸ ਨੂੰ ਆਪਣੀਆਂ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ। ਜਿਹੜੇ ਦਰੱਖਤ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਨੂੰ ਤੂਫਾਨ ਵੀ ਹਿਲਾ ਨਹੀਂ ਸਕਦੇ। 

ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦੀ ਜਨਮ ਭੂਮੀ ਅਤੇ ਕਰਮ ਭੂਮੀ ਇਕ ਹੋਵੇ, ਨਹੀਂ ਤਾਂ ਲੋਕ ਜਨਮ ਕਿਤੇ ਹੋਰ ਲੈਂਦੇ ਅਤੇ ਕਾਰੋਬਾਰ ਕਿਤੇ ਹੋਰ ਹੁੰਦਾ ਹੈ ਪਰ ਮੇਰੀ ਜਨਮ ਭੂਮੀ ਵੀ ਇਹੀ (ਪੰਜਾਬ) ਤੇ ਕਰਮ ਭੂਮੀ ਵੀ ਇਹੀ ਹੈ। ਪ੍ਰਮਾਤਮਾ ਵਲੋਂ ਬਖਸ਼ੀ ਜ਼ਿੰਮੇਵਾਰੀ ਨਿਭਾਅ ਰਿਹਾ ਹਾਂ। ਜਿਹੜੇ ਲੋਕ ਜੜ੍ਹਾਂ ਛੱਡ ਦਿੰਦੇ ਹਨ ਉਹ ਤਬਾਹ ਹੋ ਜਾਂਦੇ ਹਨ। ਪ੍ਰਮਾਤਮਾ ਵੀ ਉਨ੍ਹਾਂ ਦਾ ਸਾਥ ਦਿੰਦਾ ਹੈ ਜਿਹੜੇ ਉਸ ਦੀਆਂ ਦਾਤਾਂ ਨੂੰ ਸ਼ੁਕਰਾਨੇ ਵਜੋਂ ਲੈਂਦੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਨਜ਼ਰ ਆਏ।