ਜਥੇਦਾਰ ਦੇ ਕੌਮ ਦੇ ਨਾਂ ਸੰਦੇਸ਼ ਤੋਂ ਬਾਅਦ ਅਕਾਲ ਤਖਤ ਦੀ ਫ਼ਸੀਲ ’ਤੇ ਪਹੁੰਚੇ ਨਿਹੰਗ, ਮਾਈਕ ’ਤੇ ਬੋਲਣਾ ਕੀਤਾ ਸ਼ੁਰੂ

Share on Social Media

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ’ਤੇ ਬੀਤੀ ਸ਼ਾਮ ਕੁੱਝ ਨਿਹੰਗ ਸਿੰਘ ਅਚਾਨਕ ਪਹੁੰਚ ਗਏ ਅਤੇ ਮਾਈਕ ’ਤੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਥੇ ਤਾਇਨਾਤ ਸੇਵਾਦਾਰਾਂ ਵਲੋਂ ਤੁਰੰਤ ਮਾਈਕ ਬੰਦ ਕਰ ਦਿੱਤਾ ਗਿਆ ਅਤੇ ਸਖ਼ਤ ਮਸ਼ੱਕਤ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਇਤਿਹਾਸਕ ਫਸੀਲ ਤੋਂ ਹੇਠਾਂ ਉਤਾਰਿਆ ਗਿਆ। ਇਹ ਉਹ ਫਸੀਲ ਹੈ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹਨ, ਇਸ ਫ਼ਸੀਲ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਹੋਰ ਕੋਈ ਵੀ ਸੰਦੇਸ਼ ਜਾਂ ਸੰਬੋਧਨ ਨਹੀਂ ਕਰ ਸਕਦਾ ਹੈ। 

ਬੰਦੀ ਛੋੜ ਦਿਵਸ ਮੌਕੇ ਵੀ ਸ਼ਾਮ ਨੂੰ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ, ਇਸ ਦੌਰਾਨ ਸੰਦੇਸ਼ ਦੇਣ ਤੋਂ ਬਾਅਦ ਜਦੋਂ ਉਹ ਉਥੋਂ ਚਲੇ ਗਏ ਤਾਂ ਥੋੜ੍ਹੀ ਦੇਰ ਬਾਅਦ ਕੁੱਝ ਨਿਹੰਗ ਸਿੰਘ ਅਚਾਨਕ ਫਸੀਲ ’ਤੇ ਆ ਗਏ। ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਸ ਦੌਰਾਨ ਇਕ ਨਿਹੰਗ ਸਿੰਘ ਨੇ ਮਾਈਕ ਹੱਥ ’ਚ ਫੜਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ’ਤੇ ਤੁਰੰਤ ਮਾਈਕ ਬੰਦ ਕਰ ਦਿੱਤਾ ਗਿਆ ਅਤੇ ਨਿਹੰਗ ਸਿੰਘਾਂ ਨੂੰ ਫਸੀਲ ਤੋਂ ਹੇਠਾਂ ਉਤਾਰਿਆ ਗਿਆ।