ਜਗਤਾਰ ਸਿੰਘ ਤਾਰਾ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਲਈ 2 ਘੰਟੇ ਦੀ ਪੈਰੋਲ ‘ਤੇ ਆਇਆ ਬਾਹਰ

Share on Social Media

ਰੋਪੜ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ‘ਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਜਗਤਾਰ ਸਿੰਘ ਤਾਰਾ 2 ਘੰਟੇ ਦੀ ਪੈਰੋਲ ਮਿਲਣ ‘ਤੇ ਜੇਲ੍ਹ ‘ਚੋਂ ਬਾਹਰ ਆਇਆ। ਉਹ ਆਪਣੀ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਜੇਲ੍ਹ ‘ਚੋਂ ਬਾਹਰ ਆਇਆ ਸੀ। ਵਿਆਹ ‘ਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਤਾਰਾ ਨੂੰ 3 ਦਸੰਬਰ 2023 ਨੂੰ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦੀ ਪੈਰੋਲ ਦਿੱਤੀ ਸੀ। ਦੱਸ ਦੇਈਏ ਕਿ ਤਾਰਾ ਦੀ ਭਤੀਜੀ ਦੇ ਆਨੰਦ ਕਾਰਜ ਰੋਪੜ ਦੇ ਮੁਗਲ ਮਾਜਰੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਨ। 

ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ‘ਚ ਤਾਰਾ ਦੇ ਭਰਾ ਦੀ ਮੌਤ ਹੋ ਗਈ ਸੀ, ਪਰ ਉਦੋਂ ਅਦਾਲਤ ਨੇ ਉਸ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਕਾਰਨ ਉਸ ਨੇ ਭਤੀਜੀ ਦੇ ਵਿਆਹ ਲਈ ਪੈਰੋਲ ਦੀ ਅਪੀਲ ਕੀਤੀ ਸੀ, ਜਿਸ ਨੂੰ ਆਦਾਲਤ ਵੱਲੋਂ ਮਨਜ਼ੂਰ ਕਰ ਕੇ ਉਸ ਨੂੰ 2 ਘੰਟੇ ਦੀ ਪੈਰੋਲ ਦੇ ਦਿੱਤੀ ਗਈ ਹੈ। ਵਿਆਹ ‘ਚ ਸ਼ਾਮਲ ਹੋਣ ਮੌਕੇ ਉਸ ਨਾਲ ਸੁਰੱਖਿਆ ਕਾਰਨਾਂ ਕਾਰਨ ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਵੀ ਮੌਜੂਦ ਸਨ। ਵਿਆਹ ‘ਚ ਸ਼ਾਮਲ ਹੋਣ ਉਪਰੰਤ ਉਸ ਨੂੰ ਵਾਪਸ ਜੇਲ੍ਹ ਲਿਜਾਇਆ ਗਿਆ।