ਪਟਿਆਲਾ:ਇਸਰੋ ਦੇ ਵੱਕਾਰੀ ਪ੍ਰਾਜੈਕਟ ‘ਚੰਦਰਯਾਨ-3’ ਦੀਆਂ ਅਹਿਮ ਟੀਮਾਂ ਵਿਚ ਪਟਿਆਲਾ ਜ਼ਿਲ੍ਹੇ ਦੋ ਨੌਜਵਾਨ ਵਿਗਿਆਨੀਆਂ ਵਜੋਂ ਸ਼ਾਮਲ ਹਨ। ਇਨ੍ਹਾਂ ਵਿਚੋਂ 30 ਸਾਲਾ ਮਨੀਸ਼ ਗੁਪਤਾ ਪਟਿਆਲਾ ਸ਼ਹਿਰ ਦਾ ਵਸਨੀਕ ਹੈ ਜਦਕਿ ਕਮਲਦੀਪ ਸ਼ਰਮਾ ਹਲਕਾ ਸਨੌਰ ਦੇ ਪਿੰਡ ਮਗਰ ਸਾਹਿਬ ਨਾਲ਼ ਸਬੰਧਤ ਹੈ। ਡੀਸੀ ਸਾਕਸ਼ੀ ਸਾਹਨੀ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਮਨੀਸ਼ ਗੁਪਤਾ ਨੇ 2011 ਵਿੱਚ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਤੋਂ ਬਾਰ੍ਹਵੀਂ ਕਰਨ ਉਪਰੰਤ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਐਸਸੀ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਪਟਿਆਲਾ ਤੋਂ ਐਮ.ਐਸਸੀ (ਭੌਤਿਕ ਵਿਗਿਆਨ) ਕੀਤੀ। ਫਿਰ ਮਾਸਟਰ ਆਫ਼ ਸਾਇੰਸ ਕਰਨ ਲਈ ਆਈਆਈਟੀ ਮੁੰਬਈ ਵਿੱਚ ਦਾਖਲਾ ਲਿਆ। ਇਸ ਤੋਂ ਬਾਅਦ ਸਾਲ 2018 ਵਿਚ ਉਹ ਇਸਰੋ ਵਿਚ ਚੁਣਿਆ ਗਿਆ। ਉਹ ਇਸ ਵੇਲੇ ‘ਫਲਾਈਟ ਡਾਇਨਾਮਿਕਸ’ ਵਿੰਗ ਵਿੱਚ ਸੈਟੇਲਾਈਟ ਡਿਜ਼ਾਈਨ ਪ੍ਰਾਜੈਕਟ ਦਾ ਹਿੱਸਾ ਹੈ। ਦੂਜੇ ਪਾਸੇ ਕਿਸਾਨ ਪਰਿਵਾਰ ਨਾਲ ਸਬੰਧਤ ਕਮਲਦੀਪ ਸ਼ਰਮਾ 2021 ਵਿੱਚ ਇਸਰੋ ਟੀਮ ਵਿਚ ਸ਼ਾਮਲ ਹੋਇਆ। ‘ਨਰਾਇਣ ਪਬਲਿਕ ਸਕੂਲ ਸਨੌਰ (ਪਟਿਆਲਾ)’ ਤੋਂ ਬਾਰ੍ਹਵੀਂ ਕਰਨ ਉਪਰੰਤ ਉਸ ਨੇ ਹਰਿਆਣਾ ਤੋਂ ਮਕੈਨੀਕਲ ਵਿੱਚ ਬੀ.ਟੈਕ ਦਾ ਡਿਪਲੋਮਾ ਕੀਤਾ। ਹੁਣ ਉਹ ਇਸਰੋ ਵਿੱਚ ਸੀ ਸ਼੍ਰੇਣੀ ਦੇ ਵਿਗਿਆਨੀ ਵਜੋਂ ਬੰਗਲੌਰ ਡਿਵੀਜ਼ਨ ਵਿੱਚ ਐਲਐਮਵੀ 3 ਵਾਹਨ (ਰਾਕੇਟ) ਦਾ ਗੁਣਵੱਤਾ ਅਧਿਕਾਰੀ ਹੈ। ਉਹ ਭਾਰਤ ਦੇ ਅਗਲੇ ਮਿਸ਼ਨ ‘ਗਗਨਯਾਨ’ ਦਾ ਵੀ ਟੀਮ ਮੈਂਬਰ ਹੈ। ਵਿਧਾਇਕ ਹਰਮੀਤ ਪਠਾਣਮਾਜਰਾ ਨੇ ਵੀ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ।