ਚਾਵਾਂ ਨਾਲ ਕਰਵਾਏ ਵਿਆਹ ਦੇ ਖੇਰੂੰ-ਖੇਰੂੰ ਹੋਏ ਸੁਫ਼ਨੇ, ਸਾਹਮਣੇ ਆਏ ਪਤਨੀ ਦੇ ਸੱਚ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

Share on Social Media

ਜਲੰਧਰ ਦੀ ਇਕ ਔਰਤ ਨੇ ਪਹਿਲੇ ਪਤੀ ਤੋਂ ਤਲਾਕ ਲੈ ਕੇ ਦੂਜੇ ਨਾਲ ਵਿਆਹ ਰਚਾ ਲਿਆ ਅਤੇ ਦੂਜੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਤੀਜਾ ਵਿਆਹ ਰਚਾ ਲਿਆ। ਇਸ ਗੱਲ ਦਾ ਪਤਾ ਜਦੋਂ ਤੀਜੇ ਪਤੀ ਨੂੰ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਜਾਂਚ ਕੀਤੀ ਤੇ ਜਾਂਚ ਪਿੱਛੋਂ ਪੀੜਤ ਅਮਨਦੀਪ ਸਿੰਘ ਨਿਵਾਸੀ ਪੱਖੋਵਾਲ ਰੋਡ ਦੇ ਬਿਆਨ ’ਤੇ ਸਿਮਰਨਜੀਤ ਕੌਰ ਨਿਵਾਸੀ ਜਲੰਧਰ ਖ਼ਿਲਾਫ ਧਾਰਾ 420 ਅਤੇ 494 ਦੇ ਤਹਿਤ ਕੇਸ ਦਰਜ ਕਰ ਲਿਆ। ਪੀੜਤ ਅਮਨਦੀਪ ਸਿੰਘ ਨੇ ਦੱਸਿਆ ਕਿ ਦਸੰਬਰ 2020 ’ਚ ਉਸ ਦਾ ਵਿਆਹ ਸਿਮਰਨਜੀਤ ਕੌਰ ਨਾਲ ਹੋਇਆ, ਜਿਸ ਤੋਂ ਉਸ ਦੇ ਇਕ ਬੇਟੀ ਪੈਦਾ ਹੋਈ। ਇਸ ਦੌਰਾਨ ਸਿਮਰਨਜੀਤ ਕੌਰ ਆਮ ਕਰਕੇ ਉਸ ਨਾਲ ਝਗੜਾ ਕਰਨ ਲੱਗੀ। ਉਸ ਨੂੰ ਸਮਝ ਹੀ ਨਹੀਂ ਆਇਆ ਕਿ ਆਖਿਰ ਹੋ ਕੀ ਰਿਹਾ ਹੈ, ਜਦੋਂ ਉਸ ਨੇ ਡੂੰਘਾਈ ਨਾਲ ਪਤਨੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਿਮਰਨਜੀਤ ਕੌਰ ਦਾ ਉਸ ਨਾਲ ਤੀਜਾ ਵਿਆਹ ਹੈ।

ਪੀੜਤ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਹੁਤ ਸ਼ਾਤਰ ਹੈ। 2013 ’ਚ ਸਿਮਰਨਜੀਤ ਕੌਰ ਦਾ ਪਹਿਲਾ ਵਿਆਹ ਜਲੰਧਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ। 2016 ’ਚ ਦੋਵਾਂ ਦੇ ਇਕ ਬੇਟਾ ਹੋਇਆ। ਸਿਮਰਨਜੀਤ ਕੌਰ ਨੇ ਜਨਵਰੀ 2019 ’ਚ ਲੱਖਾਂ ਦੀ ਨਕਦੀ ਲੈ ਕੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ। ਜੂਨ 2019 ’ਚ ਸਿਮਰਨਜੀਤ ਕੌਰ ਨੇ ਨੋਇਡਾ ਦੇ ਸਰਬਜੀਤ ਸਿੰਘ ਨਾਲ ਦੂਜਾ ਵਿਆਹ ਕੀਤਾ, ਜਿਸ ਤੋਂ ਕੁਝ ਦਿਨ ਬਾਅਦ ਹੀ ਬਿਨਾਂ ਤਲਾਕ ਲਏ ਦੂਜੇ ਪਤੀ ਨੂੰ ਛੱਡ ਦਿੱਤਾ ਤੇ ਧੋਖੇ ਨਾਲ 2020 ’ਚ ਉਸ ਨਾਲ ਵਿਆਹ ਰਚਾ ਲਿਆ। ਉਸ ਦੀ ਸ਼ਾਤਰ ਪਤਨੀ ਦਾ ਕੰਮ ਹਰ ਵਿਆਹ ਤੋਂ ਬਾਅਦ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਧੋਖਾ ਦੇਣਾ ਹੈ।

ਪੀੜਤ ਅਮਨਦੀਪ ਨੇ ਦੱਸਿਆ ਕਿ ਉਸ ਦੇ ਸਵਾ ਸਾਲ ਦੀ ਬੇਟੀ ਹੈ। ਉਸ ਦੀ ਪਤਨੀ ਇੰਨੀ ਬੇਰਹਿਮ ਸੀ ਕਿ ਬੇਟੀ ਦੇ ਨਾਲ ਵੀ ਕੁੱਟ-ਮਾਰ ਕਰਦੀ ਸੀ, ਜਿਸ ਕਾਰਨ ਅਦਾਲਤ ਨੇ ਬੇਟੀ ਦੀ ਕਸਟੱਡੀ ਉਸ ਨੂੰ ਸੌਂਪ ਦਿੱਤੀ ਹੈ। ਪੀੜਤ ਦਾ ਦੋਸ਼ ਹੈ ਕਿ ਸਿਮਰਨਜੀਤ ਕੌਰ ਪੈਸੇ ਤੇ ਸੋਨੇ ਦੇ ਗਹਿਣਿਆਂ ਖਾਤਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀ ਸ਼ਾਤਰ ਔਰਤ ਨੂੰ ਪੁਲਸ ਜਲਦ ਤੋਂ ਜਲਦ ਗ੍ਰਿਫਤਾਰ ਕਰੇ।