ਗੈਰੀ ਬਣੇ ਪੰਜਾਬ ਦੇ ਨਵੇਂ ਏ ਜੀ

Share on Social Media

ਚੰਡੀਗੜ੍ਹ:ਪੰਜਾਬ ਸਰਕਾਰ ਨੇ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਹੈ।
ਉਹਨਾਂ ਦੀ ਨਿਯੁਕਤੀ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਕੀਤੀ ਗਈ ਹੈ।
ਸ: ਗੈਰੀ ਨੂੰ ਨਿਯੁਕਤ ਕੀਤ ਜਾਣ ਸੰਬੰਧੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਨਵੇਂ ਏ.ਜੀ. ਵਜੋਂ ਗੁਰਮਿੰਦਰ ਸਿੰਘ ਦੇ ਨਾਂਅ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਵਿਨੋਦ ਘਈ ਦੇ ਅਸਤੀਫ਼ੇ ਦੀ ਚਰਚਾ ਕਲ੍ਹ ਤੋਂ ਹੀ ਚੱਲ ਰਹੀ ਸੀ ਅਤੇ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਸੌਂਪੇ ਅਸਤੀਫ਼ੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਜਦਕਿ ਸਮਝਿਆ ਜਾਂਦਾ ਹੈ ਕਿ ਸਰਕਾਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਅਤੇ ਨਾਰਾਜ਼ ਸੀ।
ਰਾਜ ਦੀਆਂ ਪੰਚਾਇਤਾਂ ਭੰਗ ਕਰਨ ਅਤੇ ਆਟਾ ਦਾਲ ਸਕੀਮ ਦੀ ਅਦਾਲਤੀ ਆਦੇਸ਼ਾਂ ’ਤੇ ਵਾਪਸੀ ਦੇ ਮਾਮਲੇ ਵਿੱਚ ਇਹ ਮੰਨਿਆਂ ਜਾ ਰਿਹਾ ਸੀ ਕਿ ਸ੍ਰੀ ਘਈ ਵੱਲੋਂ ਇਨ੍ਹਾਂ ਮਾਮਲਿਆਂ ਵਿੱਚ ਸਹੀ ਕਾਨੂੰਨੀ ਵਿਚਾਰਾਂ ਅਤੇ ਸਲਾਹ ਨਹੀਂ ਦਿੱਤੀ ਗਈ ਜਿਸ ਨਾਲ ਦੋਹਾਂ ਵੱਡੇ ਮਾਮਲਿਆਂ ਵਿੱਚ ਸਰਕਾਰ ਨੂੰ ਨਮੋਸ਼ੀ ਝੱਲਣੀ ਪਈ।
ਸ੍ਰੀ ਵਿਨੋਦ ਘਈ ਦੀ ਨਿਯੁਕਤੀ ਮੁੱਢ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਡੇਰਾ ਸਿਰਸਾ ਮੁਖ਼ੀ ਗੁਰਮੀਤ ਰਾਮ ਰਹੀਮ ਦੇ ਵਕੀਲ ਰਹੇ ਸ੍ਰੀ ਘਈ ਦੀ ਨਿਯੁਕਤੀ ਦਾ ਵਿਰੋਧ ਹੋਣ ਤੋਂ ਬਾਅਦ ਉਨ੍ਹਾਂ ਦੇ ਇੱਕ ਮਹਿਲਾ ਵਕੀਲ ਨਾਲ ਸੰਬੰਧਾਂ ਬਾਰੇ ਵਿਵਾਦ ਨੇ ਵੀ ਤੂਲ ਫ਼ੜਿਆ ਸੀ ਪਰ ਹੁਣ ਪੰਚਾਇਤਾਂ ਅਤੇ ਆਟਾ ਦਾਲ ਸਕੀਮ ਵਾਲੇ ਮਾਮਲਿਆਂ ਨੇ ਸਰਕਾਰ ਨੂੰ ਇਸ ਬਾਰ ਫ਼ੈਸਲਾ ਲੈਣ ਲਈ ਮਜਬੂਰ ਕੀਤਾ ਜਾਪਦਾ ਹੈ।