ਪੰਜਾਬ ਦੇ ਜ਼ਿਲ੍ਹਾ ਰੂਪਨਗਰ ‘ਚ ਕਸਬਾ ਕੀਰਤਪੁਰ ਸਾਹਿਬ ਆਉਂਦਾ ਹੈ। ਇਸ ਨਗਰ ਦੀ ਨੀਂਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਰੱਖੀ ਸੀ। ਇਸੇ ਮੁਕੱਦਸ ਧਰਤੀ ‘ਤੇ ਗੁਰਦੁਆਰਾ ਸ਼ੀਸ਼ ਮਹੱਲ ਸਾਹਿਬ ਸੁਭਾਇਮਾਨ ਹੈ।
ਅਸਲ ਵਿੱਚ ਇਹ ਅਸਥਾਨ ਬਾਬਾ ਗੁਰਦਿੱਤਾ ਜੀ ਦਾ ਘਰ ਹੋਇਆ ਕਰਦਾ ਸੀ। ਸੰਨ 1635 ਤੋਂ ਬਾਅਦ ਇਸੇ ਅਸਥਾਨ ‘ਤੇ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਕਰਦੇ ਰਹੇ। ਇਹੀ ਉਹ ਪਵਿਤਰ ਅਸਥਾਨ ਸੀ ਜਿੱਥੇ 16 ਜਨਵਰੀ, 1630 ਨੂੰ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਰਾਇ ਸਾਹਿਬ ਤੇ 7 ਜੁਲਾਈ 1656 ਨੂੰ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਹੋਇਆ।
ਇੱਥੇ ਰਹਿੰਦਿਆਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਅਨੇਕਾਂ ਹੀ ਕੌਤਕ ਵਰਤਦਿਆਂ ਮਾਨਵ ਕਲਿਆਣ ਲਈ ਕਾਰਜ ਕੀਤੇ। ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਦੇ ਚੱਕ ਨਾਨਕੀ ਚਲੇ ਜਾਣ ਤੋਂ ਬਾਅਦ ਪੁਰਾਤਨ ਇਮਾਰਤ ਢਹਿੰਦੀ ਰਹੀ। ਆਸ ਪਾਸ ਦੇ ਲੋਕਾਂ ਨੇ ਇਸ ਸਥਾਨ ‘ਤੇ ਕਬਜ਼ਾ ਕਰ ਲਿਆ। ਫਿਰ ਪੁਰਾਣੀ ਇਮਾਰਤ ਢਾਹ ਨਵੀਂ ਇਮਾਰਤ ਉਸਾਰੀ ਗਈ।
ਸ਼ੀਸ਼ ਮਹੱਲ ਪ੍ਰਸਿਧ ਹੋਣ ਕਾਰਨ ਇਮਾਰਤ ਦੇ ਅੰਦਰ ਸ਼ੀਸ਼ੇ ਲਾਏ ਗਏ। ਦੀਵਾਰਾਂ ‘ਤੇ ਸੋਨੇ ਦੀ ਪਾਨ ਚਾੜ੍ਹੀ ਗਈ। ਅੱਜ ਵੀ ਦੂਰ ਦੁਰਾਡਿਓਂ ਸੰਗਤਾਂ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਜੀਵਨ ਸਫਲ ਕਰਦੀਆਂ ਹਨ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਾਂ ਰੌਣਕਾਂ ਵੇਖਿਆਂ ਹੀ ਬਣਦੀਆਂ ਹਨ।
ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾ ਵਿੱਚ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਸੰਗਤਾਂ ਨੂੰ ਇਲਾਹੀ ਗੁਰਬਾਣੀ ਸਰਵਣ ਕਰਵਾਉਂਦੇ ਹਨ। ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਵੱਡੀ ਗਿੱਣਤੀ ਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ।
ਗੌਰਤਲਬ ਹੈ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿੱਚ ਸੰਗਤਾਂ ਦੀ ਸਹੂਲਤ ਲਈ ਭਿੰਨ-ਭਿੰਨ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ। ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਜਿੱਥੇ ਇਸ ਪਾਵਨ ਅਸਥਾਨ ‘ਤੇ ਹਾਜ਼ਰੀ ਭਰਦੀਆਂ ਹਨ, ਉੱਥੇ ਹੀ ਸੇਵਾ ਕਰਕੇ ਗੁਰੂ ਦਰਬਾਰ ਵਿੱਚ ਆਪਣੀ ਹਾਜ਼ਰੀ ਲਵਾਉਂਦੀਆਂ ਹਨ।