ਖੰਨਾ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਮਰਸੀਡੀਜ਼ ਕਾਰ ‘ਚੋਂ ਨਿਕਲ ਨੌਜਵਾਨਾਂ ਨੂੰ ਕੀਤਾ ਲਹੂ-ਲੁਹਾਨ

Share on Social Media

ਖੰਨਾ ਦੇ ਪਾਇਲ ‘ਚ ਰੋਡਰੇਜ ਦੀ ਵੀਡੀਓ ਸਾਹਮਣੇ ਆਈ ਹੈ। ਥਾਣੇ ਨਜ਼ਦੀਕ ਮਰਸੀਡੀਜ਼ ਸਵਾਰ 4 ਨੌਜਵਾਨਾਂ ਨੇ ਬਾਈਕ ਸਵਾਰ 2 ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ। ਪੁਲਸ ਨੇ 4 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਦੋਰਾਹਾ ਦੇ ਰਹਿਣ ਵਾਲੇ ਲੱਕੀ, ਘੁਢਾਣੀ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ, ਜਦੋਂ ਕਿ ਉਨ੍ਹਾਂ ਦੇ 2 ਸਾਥੀਆਂ ਦੀ ਪਛਾਣ ਨਹੀਂ ਹੋ ਸਕੀ ਹੈ।

ਮਲੌਦ ਦੇ ਪਿੰਡ ਰੋੜੀਆਂ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕੁਲਵਿੰਦਰ ਸਿੰਘ ਵਾਸੀ ਮਦਨੀਪੁਰ ਨਾਲ ਮੋਟਰਸਾਈਕਲ ‘ਤੇ ਆਪਣੀ ਰਿਸ਼ਤੇਦਾਰੀ ‘ਚ ਬੀਜਾ ਤੋਂ ਵਾਪਸ ਘਰ ਆ ਰਿਹਾ ਸੀ। ਬੱਸ ਅੱਡੇ ਪਾਇਲ ਨੇੜੇ ਪਿੱਛੇ ਇਕ ਮਰਸੀਡੀਜ਼ ਕਾਰ ਦੇ ਡਰਾਈਵਰ ਨੇ ਅਚਾਨਕ ਕਾਰ ਨੂੰ ਬਿਨਾ ਇੰਡੀਕੇਟਰ ਦਿੱਤੇ ਕੱਟ ਮਾਰ ਦਿੱਤਾ। ਇਸ ਕਾਰਨ ਉਹ ਦੋਵੇਂ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਏ। ਕਾਰ ਦੀ ਡਰਾਈਵਰ ਸੀਟ ਤੋਂ ਲੱਕੀ ਨਿਕਲਿਆ।

ਨਾਲ ਵਾਲੀ ਸੀਟ ਤੋਂ ਯਾਦਵਿੰਦਰ ਸਿੰਘ ਨਿਕਲਿਆ, ਜਿਸ ਦੇ ਹੱਥ ‘ਚ ਲੋਹੇ ਦਾ ਦਾਹ ਸੀ। ਪਿਛਲੀ ਸੀਟ ਤੋਂ 2 ਹੋਰ ਵਿਅਕਤੀ ਨਿਕਲੇ, ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਯਾਦਵਿੰਦਰ ਨੇ ਤੈਸ਼ ‘ਚ ਆ ਕੇ ਲੋਹੇ ਦਾ ਦਾਹ ਉਸ ਦੇ ਸਿਰ ‘ਚ ਮਾਰਿਆ। ਲੱਕੀ ਨੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਉਹ ਆਪਣੇ ਮੋਬਾਇਲ ‘ਤੇ ਫੋਨ ਕਰਨ ਲੱਗਾ ਤਾਂ ਲੱਕੀ ਨੇ ਉਸ ਦੇ ਹੱਥੋਂ ਮੋਬਾਇਲ ਖੋਹ ਕੇ ਸੜਕ ‘ਤੇ ਮਾਰ ਕੇ ਤੋੜ ਦਿੱਤਾ। ਇਸ ਤੋਂ ਬਾਅਦ ਹਮਲਾਵਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੌਏ ਮੋਕੇ ਤੋਂ ਫ਼ਰਾਰ ਹੋ ਗਏ। ਬਾਈਕ ਸਵਾਰਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ।