ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਭਾਰਤੀ ਡਿਪਲੋਮੈਟ ਤੇ ਅੰਬੈਸੀ, ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ

Share on Social Media

ਅਮਰੀਕਾ, ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਸਮੇਤ ਅਨੇਕਾਂ ਦੇਸ਼ ਭਾਰਤ ਖਿਲਾਫ ਗਲਤ ਪ੍ਰਚਾਰ ਫੈਲਾਉਣ ਦੇ ਕੇਂਦਰ ਬਣ ਗਏ ਹਨ। ਭਾਰਤ ਵਿਰੋਧੀ ਸ਼ਕਤੀਆਂ ਗਲਤ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੱਡੇ ਹਥਿਆਰ ਦੇ ਰੂਪ ਵਿਚ ਕਰ ਰਹੀਆਂ ਹਨ। ਭਾਰਤ ਦਾ ਅਕਸ ਖਰਾਬ ਕਰਨ ਲਈ ਅਨੇਕਾਂ ਸੰਸਥਾਵਾਂ ਤੇ ਸੋਸ਼ਲ ਮੀਡੀਆ ਅਕਾਊਂਟਸ ਇੰਝ ਪ੍ਰਚਾਰ ਕਰ ਰਹੇ ਹਨ ਜਿਵੇਂ ਭਾਰਤ ਵਿਚ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਹੋ ਰਹੀ ਹੋਵੇ। ਖਾਲਿਸਤਾਨ ਸਮਰਥਕ ਅਜਿਹੀ ਪ੍ਰਚਾਰ ਸਮੱਗਰੀ ਦੀ ਵਰਤੋਂ ਭਾਰਤ ਵਿਰੋਧੀ ਏਜੰਡੇ ਦੇ ਤਹਿਤ ਕਰਦੇ ਹਨ ਤਾਂ ਜੋ ਭਾਰਤ ਵਿਚ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦਿੱਤੀ ਜਾ ਸਕੇ। ਫੈਕਟ ਚੈਕਿੰਗ ਵੈੱਬਸਾਈਟ ਡਿਜੀਟਲ ਫੋਰੈਂਸਿਕ ਰਿਸਰਚ ਐਂਡ ਐਨਾਲਿਟਿਕਸ ਸੈਂਟਰ ਨੇ ਖਾਲਿਸਤਾਨੀ ਏਜੰਡੇ ਸਬੰਧੀ ਇਕ ਪ੍ਰਚਾਰ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ 4 ਬਿੰਦੂਆਂ ਦੇ ਆਲੇ-ਦੁਆਲੇ ਘੁੰਮਦੀ ਹੈ।

ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ’ਚ ਖਾਲਿਸਤਾਨ ਸਮਰਥਕਾਂ ਨੇ ਨਾ ਸਿਰਫ਼ ਪਨਾਹ ਲਈ ਹੋਈ ਹੈ, ਸਗੋਂ ਇਹ ਆਸਾਨੀ ਨਾਲ ਭਾਰਤ ਵਿਰੋਧੀ ਸਰਗਰਮੀਆਂ ਨੂੰ ਵੀ ਅੰਜਾਮ ਦੇ ਰਹੇ ਹਨ। ਫਿਲਹਾਲ ਖਾਲਿਸਤਾਨੀ ਸੰਗਠਨਾਂ ਦੇ ਨਿਸ਼ਾਨੇ ’ਤੇ ਭਾਰਤੀ ਰਾਜਦੂਤ ਅਤੇ ਅੰਬੈਸੀਆਂ ਹਨ। ਇਸ ਕਾਰਨ ਅੰਬੈਸੀ ਨਾਲ ਜੁੜੇ ਮਿਸ਼ਨ ਨੂੰ ਚਲਾਉਣ ਵਿਚ ਰੁਕਾਵਟ ਵੀ ਆ ਰਹੀ ਹੈ। ਹੁਣੇ ਜਿਹੇ ਕੈਨੇਡਾ ਵਿਚ ਖਾਲਿਸਤਾਨ ਸਮਰਥਕਾਂ ਨੇ ਡਿਪਲੋਮੈਟ ਦੇ ਵਾਂਟਿਡ ਦੇ ਪੋਸਟਰ ਲਾਏ। ਹਾਲਾਂਕਿ ਉੱਥੇ ਮੌਜੂਦ ਭਾਰਤੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ। ਭਾਰਤੀ ਅਧਿਕਾਰੀਆਂ ਅਨੁਸਾਰ ਭਾਰਤ ਵਿਰੋਧੀ ਘਟਨਾਵਾਂ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਦਿੱਤੀ ਗਈ ਹੈ। ਖਾਲਿਸਤਾਨ ਸਮਰਥਕਾਂ ਨੇ ਅਗਲੀ 15 ਅਗਸਤ ਨੂੰ ਅੰਬੈਸੀ ਨੂੰ ਘੇਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਏ. ਬੀ. ਪੀ. ਨਿਊਜ਼ ਅਨੁਸਾਰ ਖਾਲਿਸਤਾਨ ਸਮਰਥਕਾਂ ਨੇ ਯੂਨਾਈਟਿਡ ਕਿੰਗਡਮ, ਅਮਰੀਕਾ ਤੇ ਕੈਨੇਡਾ ਵਿਚ ਬੀਤੀ 8 ਜੁਲਾਈ ਨੂੰ ਭਾਰਤ ਵਿਰੋਧੀ ਰੈਲੀ ਕੱਢੀ ਸੀ। ਰੈਲੀ ਦਾ ਆਯੋਜਨ ‘ਕਿਲ ਇੰਡੀਆ’ ਬੈਨਰ ਦੇ ਅਧੀਨ ਕੀਤਾ ਗਿਆ ਸੀ। ਹਾਲਾਂਕਿ ਭਾਰਤ ਵਿਰੋਧੀ ਰੈਲੀਆਂ ਦੇ ਖ਼ਿਲਾਫ਼ ਹੁਣ ਭਾਰਤੀ ਵੀ ਇਕਜੁਟ ਹੋਣ ਲੱਗੇ ਹਨ। ਖਾਲਿਸਤਾਨੀਆਂ ਦੇ ਸਾਹਮਣੇ ਇਹ ਲੋਕ ਤਿਰੰਗੇ ਦੇ ਨਾਲ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹਨ।