ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਅਤੇ ਭਾਰਤ ਦੇ ਰਿਸ਼ਤੇ ਅਜੇ ਵੀ ਨਰਮ ਨਹੀਂ ਹੋਏ ਹਨ। 21 ਸਤੰਬਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। ਹਾਲਾਂਕਿ ਪਿਛਲੇ ਵੀਰਵਾਰ ਨੂੰ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਪਰ ਕੈਨੇਡੀਅਨ ਸਰਕਾਰ ਨੇ ਆਪਣੇ ਲੋਕਾਂ ਨੂੰ ਅਪਡੇਟ ਕੀਤਾ ਹੈ ਕਿ ਭਾਰਤ ਦੀ ਯਾਤਰਾ ਲਈ ਨੌਂ ਸ਼੍ਰੇਣੀਆਂ ਵਿੱਚ ਵੀਜ਼ਾ ਸੇਵਾਵਾਂ ਅਜੇ ਵੀ ਮੁਅੱਤਲ ਹਨ। ਫਿਲਹਾਲ ਸਿਰਫ ਚਾਰ ਸ਼੍ਰੇਣੀਆਂ ਦੇ ਵੀਜ਼ਿਆਂ ਲਈ ਸੇਵਾ ਸ਼ੁਰੂ ਹੋਈ ਹੈ। ਜਦਕਿ ਈ-ਵੀਜ਼ਾ ਅਤੇ ਟਰਾਂਜ਼ਿਟ ਵੀਜ਼ਾ ਸਮੇਤ ਹੋਰ ਵੀਜ਼ਾ ਅਜੇ ਵੀ ਜਾਰੀ ਨਹੀਂ ਕੀਤੇ ਜਾ ਰਹੇ ਹਨ। ਹੋਰ ਸ਼੍ਰੇਣੀਆਂ ਜੋ ਅਜੇ ਵੀ ਮੁਅੱਤਲ ਹਨ ਉਹ ਹਨ ਟੂਰਿਸਟ, ਰੁਜ਼ਗਾਰ, ਵਿਦਿਆਰਥੀ, ਫਿਲਮ, ਪਰਬਤਾਰੋਹੀ, ਮਿਸ਼ਨਰੀ ਅਤੇ ਪੱਤਰਕਾਰ ਵੀਜ਼ੇ।
ਕੈਨੇਡੀਅਨ ਸਰਕਾਰ ਨੇ ਸ਼ਨੀਵਾਰ ਨੂੰ ਆਪਣੇ ਅਪਡੇਟ ਵਿੱਚ ਕਿਹਾ, “ਸਾਨੂੰ ਇਸ ਪੰਨੇ ‘ਤੇ ਭਾਰਤੀ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ ਇਹ ਕਿਸੇ ਵੀ ਸਮੇਂ ਬਦਲਣ ਦੇ ਅਧੀਨ ਹੈ।” ਇਸ ਗੱਲ ਦੀ ਪੁਸ਼ਟੀ ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕੀਤੀ। ਉਹਨਾਂ ਨੇ ਕਿਹਾ, ”ਸਿਰਫ ਚਾਰ ਸ਼੍ਰੇਣੀਆਂ ਨੂੰ ਦੁਬਾਰਾ ਵੀਜ਼ਾ ਜਾਰੀ ਕੀਤਾ ਗਿਆ ਹੈ। ਉਹ ਸ਼੍ਰੇਣੀਆਂ ਐਂਟਰੀ, ਬਿਜ਼ਨਸ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਲਈ ਹਨ। ਹੋਰ ਜੋ ਮੁਅੱਤਲ ਕੀਤੇ ਗਏ ਹਨ ਉਹ ਸੈਰ-ਸਪਾਟਾ, ਰੁਜ਼ਗਾਰ, ਵਿਦਿਆਰਥੀ ਅਤੇ ਫਿਲਮ ਵੀਜ਼ਾ ਲਈ ਹਨ।”
ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਸੀ ਕਿ ਉਹ “ਸੁਰੱਖਿਆ ਕਾਰਨਾਂ ਕਰਕੇ” ਟੋਰਾਂਟੋ ਅਤੇ ਵੈਨਕੂਵਰ ਵਿੱਚ ਕੌਂਸਲੇਟ ਜਨਰਲ ਦੇ ਨਾਲ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਲਈ ਮਜਬੂਰ ਹਨ। ਇਸ ਵਿਚ ਕਿਹਾ ਗਿਆ ਕਿ ਚਾਰ ਸ਼੍ਰੇਣੀਆਂ ਵਿਚ ਵੀਜ਼ਾ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਫੈ਼ੈਸਲਾ “ਸੁਰੱਖਿਆ ਸਥਿਤੀ ਦੀ ਪੂਰੀ ਸਮੀਖਿਆ ਕਰਨ ਅਤੇ ਇਸ ਸਬੰਧ ਵਿਚ ਕੁਝ ਹਾਲੀਆ ਕੈਨੇਡੀਅਨ ਉਪਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ” ਲਿਆ ਗਿਆ ਹੈ। ਅਗਲੇ ਫ਼ੈਸਲੇ ਸਬੰਧੀ ਉਚਿਤ ਸਥਿਤੀ ਦਾ ਮੁਲਾਂਕਣ ਕਰ ਕੇ ਸੂਚਿਤ ਕੀਤਾ ਜਾਵੇਗਾ।’
ਭਾਰਤ ਸਰਕਾਰ ਤੋਂ ਈ-ਵੀਜ਼ਾ 165 ਦੇਸ਼ਾਂ ਲਈ ਉਪਲਬਧ ਹੈ, ਕੈਨੇਡਾ ਇਸ ਸੂਚੀ ਵਿੱਚ ਨਹੀਂ ਹੈ। ਭਾਰਤ ਨੇ ਪਿਛਲੇ ਸਾਲ ਦਸੰਬਰ ਵਿੱਚ ਕੈਨੇਡੀਅਨਾਂ ਲਈ ਈ-ਵੀਜ਼ਾ ਜਾਰੀ ਕਰਨਾ ਮੁੜ ਸ਼ੁਰੂ ਕਰ ਦਿੱਤਾ ਸੀ ਜਦੋਂ 2020 ਵਿੱਚ ਕੋਵਿਡ-19 ਮਹਾਮਾਰੀ ਸ਼ੁਰੂ ਹੋਈ ਤਾਂ ਇਹਨਾਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਗੌਰਤਲਬ ਹੈ ਕਿ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਨਿਘਾਰ ਆ ਗਿਆ ਸੀ। ਜਿਸ ਤੋਂ ਬਾਅਦ 21 ਸਤੰਬਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ।