ਕੈਨੇਡਾ ਵਿਚ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ

Share on Social Media

ਕੈਨੇਡਾ, 7 ਸਤੰਬਰ, 2023: ਜਾਨ ਰੀਡ ਦੀ ਮਸ਼ਹੂਰ ਕਿਤਾਬ ਹੈ ‘ਦਸ ਦਿਨ ਜਿੰਨ੍ਹਾਂ ਦੁਨੀਆਂ ਹਿਲਾ ਦਿੱਤੀ’। ਭਾਵੇਂ ਇਸ ਕਿਤਾਬ ਵਿੱਚ ਹਿਲਾਈ ਦੁਨੀਆ ਨਾਲ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਪਰ ਬੇਗਾਨੀ ਧਰਤੀ ਤੇ ਪੰਜਾਬ ਦੇ ਜੰਮਿਆਂ ਨੇ 24 ਘੰਟਿਆਂ ਵਿੱਚ ਪੱਕਾ ਮੋਰਚਾ ਲਾ ਕੇ ਕਾਲਜ ਕੈਂਪਸ ਜ਼ਰੂਰ ਹਿਲਾਕੇ ਰੱਖ ਦਿੱਤਾ। ਇੱਕ ਦਿਨ, ਇੱਕ ਰਾਤ ਵਿੱਚ ਵਿਦਿਆਰਥੀਆਂ ਨੇ ਸਖ਼ਤ ਜ਼ਾਬਤੇ, ਸਹੀ ਦਿਸ਼ਾ ਤੇ ਸਿਦਕ ਨਾਲ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਦੀ ਅਗਵਾਈ ਵਿੱਚ ਲਗਾਇਆ ਪੱਕਾ ਮੋਰਚਾ ਜਿੱਤ ਲਿਆ ਹੈ। ਇਹ ਵਿਦਿਆਰਥੀ ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਅਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਜੱਥੇਬੰਦੀ ਦੀ ਅਗਵਾਈ ਹੇਠ ਪੱਕੇ ਮੋਰਚੇ ਉੱਤੇ ਬੈਠੇ ਸਨ।
ਕੈਨਾਡੋਰ ਕਾਲਜ ਨੇ ਆਪਣੀ ਰਿਹਾਇਸ਼ੀ ਸਮੱਰਥਾ ਤੋਂ ਵੱਧ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਹੋਏ ਸਨ। ਇੱਕ ਅੰਦਾਜ਼ੇ ਮੁਤਾਬਕ ਸਤੰਬਰ 2023 ਦੇ ਬੈਚ ਵਿੱਚ ਤਕਰੀਬਨ 3500 ਵਿਦਿਆਰਥੀਆਂ ਨੇ ਕੈਨਾਡੋਰ ਕਾਲਜ ਵਿੱਚ ਦਾਖਲਾ ਲਿਆ। ਨੌਰਥ ਬੇਅ ਕੈਨੇਡਾ ਦਾ ਇੱਕ ਘੱਟ ਵਸੋਂ ਵਾਲਾ ਸ਼ਹਿਰ ਹੈ ਜਿੱਥੇ ਆਮ ਤੌਰ ‘ਤੇ ਰਿਹਾਇਸ਼ੀ ਮਕਾਨਾਂ ਦੀ ਪਹਿਲਾਂ ਹੀ ਕਮੀ ਹੈ। ਪਬਲਿਕ ਪ੍ਰਾਈਵੇਟ ਹਿੱਸੇਦਾਰੀ (ਪੀ ਪੀ ਪੀ) ਦੀ ਨੀਤੀ ‘ਤੇ ਚਲਦਿਆਂ ਕਾਲਜ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈਗੂਲੇਟ ਨਹੀ ਕੀਤਾ ਗਿਆ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਕਾਲਜ ਦੇ ਰਹਿਮੋ-ਕਰਮ ‘ਤੇ ਹੀ ਛੱਡ ਦਿੱਤਾ ਗਿਆ। ਵਿਦਿਆਰਥੀਆਂ ਲਗਾਤਾਰ ਕਈ ਹਫ਼ਤਿਆਂ ਤੋਂ ਰਿਹਾਇਸ਼ ਦੀ ਮੰਗ ਕਰਦੇ ਆ ਰਹੇ ਸਨ ਪਰ ਕਾਲਜ ਨੇ ਸ਼ਾਜਿਸੀ ਚੁੱਪ ਧਾਰੀ ਹੋਈ ਸੀ, ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਤੇ ਮਜਬੂਰਨ ਵਿਦਿਆਰਥੀਆਂ ਨੂੰ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਅਗਵਾਈ ਵਿੱਚ ਪੱਕਾ ਮੋਰਚਾ ਲਾਉਣਾ ਪਿਆ ਸੀ।