ਕੈਨੇਡਾ ਵਿਚ ਭਾਰਤੀ ਰਾਜਦੂਤ ਨੇ ਆਖੀਆਂ ਕੰਮ ਦੀਆਂ ਗੱਲਾਂ!

Share on Social Media

ਟੋਰਾਂਟੋ: ਭਾਰਤ ਤੇ ਕੈਨੇਡਾ ਵਿਚਾਲੇ ਬਣੇ ਤਣਾਅ ਦਾ ਅਸਰ ਇਸ ਸਾਲ ਦੇ ਸਭ ਤੋਂ ਵੱਡੇ ‘ਇੰਡੋ-ਕੈਨੇਡੀਅਨ ਐਵਾਰਡਜ਼ ਨਾਈਟ’ ਸਮਾਰੋਹ ਉਤੇ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪਹੁੰਚੇ, ਹਾਲਾਂਕਿ ਪ੍ਰਮੁੱਖ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਨੇ ਹਾਜ਼ਰੀ ਦਰਜ ਕਰਵਾਈ। ਇਸ ਤੋਂ ਇਲਾਵਾ ਸੂਬੇ ਦੇ ਕੁਝ ਵਿਧਾਇਕ ਤੇ ਸਥਾਨਕ ਮੇਅਰ ਵੀ ਹਾਜ਼ਰ ਸਨ। ਇਸ ਮੌਕੇ ਇਨਫੋਸਿਸ ਦੇ ਬਾਨੀ ਐੱਨ.ਆਰ. ਨਾਰਾਇਣ ਮੂਰਤੀ ਦੀ ਪਤਨੀ ਸੁਧਾ ਮੂਰਤੀ ਨੂੰ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ‘ਗਲੋਬਲ ਇੰਡੀਅਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿਚ 50 ਹਜ਼ਾਰ ਡਾਲਰ ਦੀ ਨਗ਼ਦ ਰਾਸ਼ੀ ਸ਼ਾਮਲ ਹੈ।
ਭਾਰਤ ਤੇ ਕੈਨੇਡਾ ਦੇ ਵਰਤਮਾਨ ਸਬੰਧਾਂ ਦਾ ਜ਼ਿਕਰ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਤੇ ਮੁੱਖ ਮਹਿਮਾਨ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਸਿਆਸੀ ਰਿਸ਼ਤਿਆਂ ਨਾਲ ਅਖ਼ੀਰ ਵਿਚ ਦੋਵੇਂ ਸਰਕਾਰਾਂ ਨਜਿੱਠ ਲੈਣਗੀਆਂ। ਪਰ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਦੁਵੱਲੇ ਰਿਸ਼ਤੇ ਮਜ਼ਬੂਤ ਕਰਦੇ ਰਹਿਣਾ ਪਵੇਗਾ। ਉਨ੍ਹਾਂ ਕਿਹਾ, ‘ਇਹ ਉਹ ਸਮਾਂ ਹੈ ਜਦੋਂ ਰਿਸ਼ਤਿਆਂ ਵਿਚ ਤਲਖ਼ੀ ਹੈ, ਤੇ ਸਾਨੂੰ ਠੰਢਕ ਪੈਦਾ ਕਰਨੀ ਪਏਗੀ।’ ਹਾਈ ਕਮਿਸ਼ਨਰ ਵਰਮਾ ਨੇ ਇਸ ਮੌਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਸੰਦਰਭ ਵਿਚ ਭਾਰਤੀ ਮਿਥਿਹਾਸ ਦਾ ਹਵਾਲਾ ਵੀ ਦਿੱਤਾ।
ਉਨ੍ਹਾਂ ਕਿਹਾ, ‘ਭਾਰਤ ਇਕ ਭਾਵੁਕ ਦੇਸ਼ ਹੈ, ਇਸ ਲਈ ਜਜ਼ਬਾਤ ਦਾ ਹੜ੍ਹ ਤਾਂ ਦੇਖਣ ਨੂੰ ਮਿਲੇਗਾ ਹੀ। ਭਾਰਤੀ ਭਾਈਚਾਰੇ ਨੂੰ ਦੁਵੱਲੇ ਸਬੰਧ ਬਿਹਤਰ ਕਰਨ ਲਈ ਕੰਮ ਕਰਦੇ ਰਹਿਣਾ ਪਏਗਾ।’ ਵਰਮਾ ਨੇ ਕਿਹਾ, ‘ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕਾਰੋਬਾਰ ਕਰੋ, ਲੋਕਾਂ ਨੂੰ ਭਾਰਤ ਬਾਰੇ ਸਿਖਾਓ, ਸਮਰਥਨ ਜੁਟਾਓ, ਵਿਦਿਆਰਥੀਆਂ ਨੂੰ ਉੱਦਮੀ ਬਣਾਓ, ਇਹ ਕੁਝ ਅਜਿਹੇ ਖੇਤਰ ਹਨ ਜਨਿ੍ਹਾਂ ਉਤੇ ਰਿਸ਼ਤਿਆਂ ਦੀ ਵਰਤਮਾਨ ਸਥਿਤੀ ਦਾ ਕੋਈ ਅਸਰ ਨਹੀਂ ਪਏਗਾ।’ ਆਪਣੇ ਸਵਾਗਤੀ ਭਾਸ਼ਣ ਵਿਚ ‘ਕੈਨੇਡਾ ਇੰਡੀਆ ਫਾਊਂਡੇਸ਼ਨ’ ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ ਕਿ ਦੁਵੱਲੇ ਰਿਸ਼ਤੇ ‘ਸਥਾਨਕ ਰਾਜਨੀਤਕ ਮਜਬੂਰੀਆਂ ਦੇ ਗ਼ੁਲਾਮ ਨਹੀਂ ਬਣਨੇ ਚਾਹੀਦੇ।’ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਨੀਤੀ ਤਾਂ ਹੀ ਸਫ਼ਲ ਹੋਵੇਗੀ ਜੇ ਭਾਰਤ ਨਾਲ ਇਸ ਦੇ ਕਾਰੋਬਾਰੀ ਤੇ ਸਿਆਸੀ ਸਬੰਧ ਮਜ਼ਬੂਤ ਹੋਣਗੇ ਕਿਉਂਕਿ ਭਾਰਤ ਇਕ ਮਹੱਤਵਪੂਰਨ ਭਾਈਵਾਲ ਹੈ।