ਕੈਨੇਡਾ ਨੇ ਭਾਰਤ ਲਈ ਰਾਤੋ-ਰਾਤ ਬਦਲੀ Travel Advisory, ਪਹਿਲਾਂ ਨਾਗਰਿਕਾਂ ਨੂੰ ਦਿੱਤੀ ਸੀ ਇਹ Warning

Share on Social Media

ਖ਼ਾਲਿਸਤਾਨ ਦੇ ਮੁੱਦੇ ‘ਤੇ ਅਲੱਗ-ਥਲੱਗ ਪਈ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਲਈ ਰਾਤੋ-ਰਾਤ ਆਪਣੀ ਟ੍ਰੈਵਲ ਐਡਵਾਈਜ਼ਰੀ ਬਦਲ ਦਿੱਤੀ ਹੈ। ਕੈਨੇਡਾ ਸਰਕਾਰ ਨੇ ਆਪਣੀ ਨਵੀਂ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਗੁਰੇਜ਼ ਕਰਨ। ਉੱਥੇ ਅੱਤਵਾਦ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਕੈਨੇਡਾ ਦੀ ਸਰਕਾਰ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ ‘ਚ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਸ਼ਾਮਲ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਆਸਾਮ ‘ਚ ਵੀ ਨਾ ਜਾਣ ਦੀ ਆਪਣੇ ਨਾਗਰਿਕਾਂ ਨੂੰ ਹਦਾਇਤ ਕੀਤੀ ਹੈ।

ਇਸ ਤੋਂ ਪਹਿਲਾਂ ਟਰੂਡੋ ਸਰਕਾਰ ਨੇ ਪੰਜਾਬ ਸਮੇਤ ਪੂਰੇ ਭਾਰਤ ‘ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਨੂੰ ਬੀਤੀ ਰਾਤ ਬਦਲ ਦਿੱਤਾ ਗਿਆ। ਪਹਿਲਾਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਭਾਰਤ ‘ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਘੇਰੇ ਅੰਦਰ ਜਾਣ ਤੋਂ ਗੁਰੇਜ਼ ਕਰਨ। ਸਰਕਾਰ ਨੇ ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ‘ਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਸੀ। ਕੈਨੇਡਾ ਸਰਕਾਰ ਦੀ ਵੈੱਬਸਾਈਟ ਮੁਤਾਬਕ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਭਾਰਤ ਵਿਚ ਸਾਵਧਾਨੀ ਨਾਲ ਰਹਿਣ ਕਿਉਂਕਿ ਭਾਰਤ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ।

ਇਸ ਮਾਮਲੇ ਦੇ ਵੱਧਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਤੇਵਰ ਨਰਮ ਪੈ ਗਏ ਹਨ। ਹੁਣ ਉਨ੍ਹਾਂ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਉਹ ਭਾਰਤ ਨੂੰ ਭੜਕਾਉਣਾ ਜਾਂ ਤਣਾਅ ਵਧਾਉਣਾ ਨਹੀਂ ਚਾਹੁੰਦੇ ਹਨ। ਹਾਲਾਂਕਿ ਉਹ ਚਾਹੁੰਦੇ ਹਨ ਕਿ ਭਾਰਤ ਇਸ ਮੁੱਦੇ ਨੂੰ ਠੀਕ ਢੰਗ ਨਾਲ ਸੰਬੋਧਨ ਕਰੇ। ਟਰੂਡੋ ਨੇ ਪੱਤਰਾਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਅਸੀਂ ਅਜਿਹਾ ਕਰ ਰਹੇ ਹਾਂ, ਅਸੀਂ ਉਨ੍ਹਾਂ ਨੂੰ ਉਕਸਾਉਣ ਜਾਂ ਇਸ ਨੂੰ ਅੱਗੇ ਵਧਾਉਣ ਬਾਰੇ ਨਹੀਂ ਸੋਚ ਰਹੇ ਹਾਂ।