ਕੈਨੇਡਾ ਤੋਂ ਲਾਸ਼ ਬਣ ਪਰਤਿਆ ਭਰਾ, ਭੈਣਾਂ ਨੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ

Share on Social Media

 ਬਲਾਕ ਸੰਗਤ ਅਧੀਨ ਪੈਂਦੇ ਪਿੰਡ ਦੁਨੇਵਾਲਾ ਵਿਖੇ ਪੜ੍ਹਾਈ ਕਰਨ ਲਈ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ 22 ਦਿਨਾਂ ਬਾਅਦ ਲਾਸ਼ ਪਿੰਡ ਪਹੁੰਚੀ। ਨੌਜਵਾਨ ਦੇ ਸਸਕਾਰ ਮੌਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉੱਥੇ ਸਾਰੇ ਪਿੰਡ ਦੀ ਅੱਖ ਨਮ ਸੀ, ਭੈਣਾਂ ਵੱਲੋਂ ਨੌਜਵਾਨ ਦੇ ਸਿਰ ’ਤੇ ਸਿਹਰਾ ਸਜਾ ਕੇ ਵਿਦਾ ਕੀਤਾ ਗਿਆ।

ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਪੁੱਤਰ ਨਾਜਮ ਸਿੰਘ ਆਈਲੈਟਸ ਕਰ ਕੇ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਸਰੀ ’ਚ ਗਿਆ ਸੀ, ਜਿਸ ਦੀ 29 ਅਕਤੂਬਰ ਦੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਿੰਡ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਰਾਜੂ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ 11 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਛੋਟੀ ਕਿਸਾਨੀ ਕਾਰਨ ਮਾਪਿਆਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਦਾ ਦੂਸਰਾ ਭਰਾ ਦਿਵਿਆਂਗ ਹੈ, ਜੋ ਪੜ੍ਹਾਈ ਕਰਦਾ ਹੈ। ਮਾਪਿਆਂ ਨੂੰ ਦਵਿੰਦਰ ਸਿੰਘ ਕੋਲੋਂ ਹੀ ਘਰ ਦੀ ਗ਼ਰੀਬੀ ਦੂਰ ਕਰਨ ਦੀ ਆਸ ਸੀ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨਾਲ ਪਰਿਵਾਰ ਦੀ ਆਖਰੀ ਵਾਰੀ ਗੱਲ 29 ਅਕਤੂਬਰ ਦੀ ਰਾਤ 10 ਵਜੇ ਦੇ ਕਰੀਬ ਹੋਈ ਸੀ ਪਰ 1 ਵਜੇ ਦੇ ਲਗਭਗ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ। ਨੌਜਵਾਨ ਦੀ ਮੌਤ ਨਾਲ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।