ਕਿੰਨਾ ਪਿਆਰਾ ਬੰਦਾ ਸੀ ਸ਼ਹੀਦ ਕਰਨਲ ਮਨਪ੍ਰੀਤ ਸਿੰਘ!

Share on Social Media

ਚੰਡੀਗੜ੍ਹ: ਸਾਡੇ ਪ੍ਰਸਿੱਧ ਗੀਤਕਾਰ ਨੰਦ ਲਾਲ ਨੂਰਪੁਰੀ ਦਾ ਲਿਖਿਆ ਗੀਤ ਸ਼ਹੀਦਾਂ ਬਾਰੇ ਲਿਖਿਆ ਹੋਇਆ, ਜਿਸਦੇ ਬੋਲ ਹਨ:
ਓ ਦੁਨੀਆਂ ਦੇ ਬੰਦਿਓ ਪੂਜੋ ਉਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ—। ਰਾਤ ਹੀ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਭਾਰਤੀ ਫ਼ੌਜ ਦੇ ਕਰਨਲ ਮਨਪ੍ਰੀਤ ਸਿੰਘ (41) ਸ਼ਹੀਦ ਹੋ ਗਏ ਹਨ। ਸ਼ਹਾਦਤ ਦਾ ਜਾਮ ਪੀਣ ਵਾਲਾ ਇਹ ਜਾਂਬਾਜ਼ ਨਿਊ ਚੰਡੀਗੜ੍ਹ ਦੇ ਭੜੌਜੀਆ ਪਿੰਡ ਦਾ ਰਹਿਣ ਵਾਲਾ ਸੀ। ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਦਾ ਪਤਾ ਲੱਗਦਿਆਂ ਹੀ ਪੂਰੇ ਪਿੰਡ ‘ਚ ਸੋਗ ਪਸਰ ਗਿਆ ਹੈ। ਕਰਨਲ ਮਨਪ੍ਰੀਤ ਸਿੰਘ ਦੀ ਨਿਯੁਕਤੀ 19 ਰਾਸ਼ਟਰੀ ਰਾਈਫ਼ਲਸ ‘ਚ ਸੀ ਅਤੇ ਉਹ ਕਮਾਂਡਿੰਗ ਅਫ਼ਸਰ ਸਨ। 2020 ਤੋਂ ਬਾਅਦ ਤੋਂ ਉਹ ਜੰਮੂ-ਕਸ਼ਮੀਰ ਵਿਚ ਸਨ। ਕਰਨਲ ਮਨਪ੍ਰੀਤ ਸਿੰਘ ਦੇ ਭਰਾ ਸੰਦੀਪ ਸਿੰਘ ਅਤੇ ਦੋਸਤ ਤਲਵਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੀ ਪਤਨੀ ਜਗਮੀਤ ਕੌਰ ਅਧਿਆਪਕਾ ਹੈ ਅਤੇ ਅੱਜ-ਕੱਲ੍ਹ ਉਸ ਦੀ ਨਿਯੁਕਤੀ ਮੋਰਨੀ, ਪੰਚਕੂਲਾ ‘ਚ ਹੈ। ਉਨ੍ਹਾਂ ਦਾ 7 ਸਾਲ ਦਾ ਇਕ ਪੁੱਤਰ ਅਤੇ ਢਾਈ ਸਾਲ ਦੀ ਧੀ ਹੈ, ਜੋ ਇਸ ਸਮੇਂ ਪੰਚਕੂਲਾ ‘ਚ ਰਹਿੰਦੇ ਹਨ ਕਿਉਂਕਿ ਜਗਮੀਤ ਕੌਰ ਦਾ ਉੱਥੇ ਪੇਕਾ ਘਰ ਹੈ। ਭੜੌਜੀਆ ਪਿੰਡ ‘ਚ ਇਸ ਸਮੇਂ ਉਨ੍ਹਾਂ ਦੀ ਮਾਂ ਮਨਜੀਤ ਕੌਰ ਰਹਿੰਦੀ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ। ਮਨਪ੍ਰੀਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੂਰਾ ਪਿੰਡ ਸੋਗ ਵਿਚ ਹੈ ਕਿਉਂਕਿ ਉਨ੍ਹਾਂ ਨੇ ਇਕ ਅਫ਼ਸਰ ਦੇ ਨਾਲ-ਨਾਲ ਲਾਡਲਾ ਪੁੱਤਰ ਵੀ ਖੋਹ ਦਿੱਤਾ।
ਗਮਗੀਨ ਮਾਹੌਲ ‘ਚ ਸੰਦੀਪ ਸਿੰਘ ਅਤੇ ਤਲਵਿੰਦਰ ਸਿੰਘ ਨੇ ਯਾਦਾਂ ਤਾਜ਼ੀਆਂ ਕਰਦੇ ਹੋਏ ਕਹਿੰਦੇ ਹਨ ਕਿ ਮਨਪ੍ਰੀਤ ਪੜ੍ਹਨ ‘ਚ ਕਾਫ਼ੀ ਹੁਸ਼ਿਆਰ ਸੀ ਅਤੇ ਉਸਦੇ ਪਿਤਾ ਫ਼ੌਜ ‘ਚ ਸਨ। ਉਸ ਦੀ ਪੜ੍ਹਾਈ ਕੇਂਦਰੀ ਵਿੱਦਿਆਲਿਆ ‘ਚ ਕਰਵਾਈ ਸੀ। ਮਨਪ੍ਰੀਤ 12ਵੀਂ ਜਮਾਤ ਤੱਕ ਮੁੱਲਾਂਪੁਰ ਗਰੀਬਦਾਸ ‘ਚ ਸਥਿਤ ਕੇਂਦਰੀ ਵਿੱਦਿਆਲਿਆ ‘ਚ ਪੜ੍ਹਿਆ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ 2003 ‘ਚ ਫ਼ੌਜ ਜੁਆਇਨ ਕਰ ਲਈ। ਭਰਾ ਸੰਦੀਪ ਸਿੰਘ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਸ ਨੇ ਕਿਹਾ ਕਿ ਮਨਪ੍ਰੀਤ 4 ਮਹੀਨੇ ਪਹਿਲਾਂ ਪਿੰਡ ਆਇਆ ਸੀ ਅਤੇ ਉਹ ਸਾਰਿਆਂ ਦਾ ਲਾਡਲਾ ਸੀ। ਮਨਪ੍ਰੀਤ ਮਿਲਣਸਾਰ ਸੀ ਅਤੇ ਸਾਰਿਆਂ ਨੂੰ ਹਮੇਸ਼ਾ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਸੀ।
ਭਤੀਜੇ ਕਰਨਦੀਪ ਸਿੰਘ ਨੇ ਕਿਹਾ ਕਿ ਚਾਚਾ ਮਨਪ੍ਰੀਤ ਹਮੇਸ਼ਾ ਸਾਰੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਦੇ ਦੇ ਸਨ। ਮਨਪ੍ਰੀਤ ਨੇ ਐੱਸ. ਡੀ. ਕਾਲਜ ਸੈਕਟਰ-32 ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਉਹ ਉੱਥੇ ਵੀ ਟਾਪਰ ਸਨ। ਕਰਨਦੀਪ ਨੇ ਦੱਸਿਆ ਕਿ ਚਾਚਾ ਨੂੰ ਕ੍ਰਿਕਟ ਖੇਡਣ ਦਾ ਕਾਫ਼ੀ ਕ੍ਰੇਜ਼ ਸੀ ਅਤੇ ਉਹ ਜਦੋਂ ਵੀ ਛੁੱਟੀ ਆਉਂਦੇ ਸਨ ਤਾਂ ਨੌਜਵਾਨਾਂ ਨਾਲ ਕ੍ਰਿਕਟ ਖੇਡਦੇ ਸਨ। ਉਹ ਹਮੇਸ਼ਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਫਿੱਟ ਰਹਿਣ ਦੇ ਨਾਲ ਆਰਮੀ ਜੁਆਇਨ ਕਰਨ ਲਈ ਪ੍ਰੇਰਿਤ ਕਰਦੇ ਸਨ।
ਪਿੰਡ ਵਾਲਿਆਂ ਨੇ ਕਿਹਾ ਕਿ ਉਹ ਮਨਪ੍ਰੀਤ ਨੂੰ ਪਿਆਰ ਨਾਲ ਛੱਲੂ ਦੇ ਨਾਂ ਨਾਲ ਬੁਲਾਉਂਦੇ ਸਨ, ਜੋ ਉਨ੍ਹਾਂ ਦਾ ਛੋਟਾ ਨਾਂ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਛੱਲੂ ਹੁਣ ਪਿੰਡ ਵਾਪਸ ਨਹੀਂ ਆਵੇਗਾ ਪਰ ਉਸ ਨੇ ਜੋ ਕੰਮ ਕੀਤਾ ਹੈ, ਉਸ ਨਾਲ ਉਨ੍ਹਾਂ ਦਾ ਸਿਰ ਉੱਚਾ ਹੋਇਆ ਹੈ।
ਅੱਜ ਸ਼ਾਮ ਤੱਕ ਘਰ ਪੁੱਜ ਸਕਦੀ ਹੈ ਮ੍ਰਿਤਕ ਦੇਹ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਘਰ ਪੁੱਜ ਸਕਦੀ ਹੈ। ਉਨ੍ਹਾਂ ਦੇ ਘਰ ਅਤੇ ਪੂਰੇ ਪਿੰਡ ‘ਚ ਇਸ ਸਮੇਂ ਸੋਗ ਦਾ ਮਾਹੌਲ ਹੈ।