ਈਡਨ ਗਾਰਡਨ ‘ਚ ਵੱਡਾ ਹਾਦਸਾ, ਵਨ-ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਦੌਰਾਨ ਲੱਗੀ ਭਿਆਨਕ ਅੱਗ

Share on Social Media

ਕੋਲਕਾਤਾ – ਈਡਨ ਗਾਰਡਨ ਦੇ ਡਰੈਸਿੰਗ ਰੂਮ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗ ਗਈ, ਜਿਸ ਨਾਲ ਫਾਲਸ ਸੀਲਿੰਗ (ਛੱਤਾਂ ਦੀ ਸਜਾਵਟ) ਅਤੇ ਕੁਝ ਫਰਨੀਚਰ ਨੂੰ ਨੁਕਸਾਨ ਪਹੁੰਚਿਆ।  ਫਾਇਰ ਬ੍ਰਿਗੇਡ ਦੇ ਸੂਤਰਾਂ ਨੇ ਦੱਸਿਆ ਕਿ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ. ਏ. ਬੀ.) ਦੇ ਟੀਮ ਡਰੈਸਿੰਗ ਰੂਮ ਵਿੱਚ ਬੁੱਧਵਾਰ ਨੂੰ ਰਾਤ ਕਰੀਬ 11.40 ਵਜੇ ਵਾਇਰਿੰਗ ਵਿੱਚ ਇੱਕ ਸ਼ੱਕੀ ਸ਼ਾਰਟ-ਸਰਕਟ ਕਾਰਨ ਅੱਗ ਫੈਲ ਗਈ। 

ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਦੀ ਤਾਇਨਾਤੀ ਤੋਂ ਬਾਅਦ ਅੱਧੇ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ ਗਿਆ। ਈਡਨ ਗਾਰਡਨ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਦੇ ਪੰਜ ਮੈਚਾਂ ਦੀ ਮੇਜ਼ਬਾਨੀ ਕਰੇਗਾ। ਪਿਛਲੇ ਹਫ਼ਤੇ ਦੇ ਅਖੀਰ ਵਿੱਚ, ਆਈ. ਸੀ. ਸੀ. ਟੀਮ ਦੇ ਮੈਂਬਰਾਂ ਦੇ ਇੱਕ ਸਮੂਹ ਨੇ ਆ ਕੇ ਇਸ ਸ਼ਾਨਦਾਰ ਸਟੇਡੀਅਮ ਦੀਆਂ ਤਿਆਰੀਆਂ ਦਾ ਮੁਆਇਨਾ ਕੀਤਾ।