‘ਇਕ ਰਾਸ਼ਟਰ, ਇਕ ਚੋਣ’ ‘ਤੇ ਮੋਦੀ ਸਰਕਾਰ ਦਾ ਵੱਡਾ ਕਦਮ, ਸਾਬਕਾ ਰਾਸ਼ਟਰਪਤੀ ਦੀ ਪ੍ਰਧਾਨਗੀ ‘ਚ ਕਮੇਟੀ ਗਠਿਤ

Share on Social Media

ਸਰਕਾਰ ਨੇ ‘ਇਕ ਰਾਸ਼ਟਰ, ਇਕ ਚੋਣ’ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ‘ਚ ਇਕ ਕਮੇਟੀ ਦਾ ਗਠਨ ਕੀਤਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਵਲੋਂ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੇ ਇਕ ਦਿਨ ਬਾਅਦ ਇਹ ਕਦਮ ਸਾਹਮਣੇ ਆਇਆ ਹੈ। ਸਰਕਾਰ ਨੇ ਹਾਲਾਂਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਐਲਾਨ ਨਹੀਂ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਕਰਵਾਉਣ ‘ਤੇ ਕਈ ਸਾਲਾਂ ਤੋਂ ਦ੍ਰਿੜਤਾ ਨਾਲ ਜ਼ੋਰ ਦੇ ਰਹੇ ਹਨ ਅਤੇ ਇਸ ਸੰਬੰਧ ‘ਚ ਸੰਭਾਵਨਾਵਾਂ ‘ਤੇ ਵਿਚਾਰ ਦੀ ਜ਼ਿੰਮੇਵਾਰੀ ਰਾਮਨਾਥ ਕੋਵਿੰਦ ਨੂੰ ਸੌਂਪਣ ਦਾ ਫ਼ੈਸਲਾ, ਚੋਣ ਸੰਬੰਧੀ ਆਪਣੇ ਦ੍ਰਿਸ਼ਟੀਕੋਣ ਦੇ ਵਿਸ਼ੇ ‘ਚ ਸਰਕਾਰ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦਾ ਹੈ। ਨਵੰਬਰ-ਦਸੰਬਰ ‘ਚ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਬਾਅਦ ਅਗਲੇ ਸਾਲ ਮਈ-ਜੂਨ ‘ਚ ਲੋਕ ਸਭਾ ਚੋਣਾਂ ਹਨ। ਸਰਕਾਰ ਦੇ ਇਸ ਕਦਮ ਨਾਲ ਆਮ ਚੋਣਾਂ ਅਤੇ ਕੁਝ ਸੂਬਿਆਂ ਦੀਆਂ ਚੋਣਾਂ ਨੂੰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਵੀ ਖੁੱਲ੍ਹੀਆਂ ਹਨ, ਜੋ ਲੋਕ ਸਭਾ ਚੋਣਾਂ ਦੇ ਬਾਅਦ ਜਾਂ ਨਾਲ ਹੋਣੀਆਂ ਹਨ।